ਗੁਰਦਾਸਪੁਰ

ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼ ਅਤੇ ਕੰਨਾਂ ਦੀਆਂ ਮਸ਼ੀਨਾਂ ਦੇਣ ਲਈ ਗੋਲਡਨ ਸਕੂਲ ਗੁਰਦਾਸਪੁਰ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ

ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼ ਅਤੇ ਕੰਨਾਂ ਦੀਆਂ ਮਸ਼ੀਨਾਂ ਦੇਣ ਲਈ ਗੋਲਡਨ ਸਕੂਲ ਗੁਰਦਾਸਪੁਰ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ
  • PublishedAugust 1, 2023

ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 1 ਅਗਸਤ 2023 (ਦੀ ਪੰਜਾਬ ਵਾਇਰ ) । ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਅਤੇ ਸ੍ਰੀ ਸੱਤਿਆ ਸਾਈਂ ਸੰਮਿਤੀ ਗੁਰਦਾਸਪੁਰ ਦੇ ਸਹਿਯੋਗ ਨਾਲ ਅੱਜ ਗੋਲਡਨ ਗਰੁੱਪ ਆਫ ਇੰਸਟੀਚਿਊਟਸ ਦੇ ਸੰਸਥਾਪਕ ਸਵਰਗੀ ਸ੍ਰੀ ਦੀਨਾ ਨਾਥ ਮਹਾਜਨ ਦੀ ਯਾਦ ਵਿੱਚ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰਜ਼ ਅਤੇ ਕੰਨਾਂ ਦੀਆਂ ਮਸ਼ੀਨਾਂ ਮੁਫ਼ਤ ਵੰਡਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ 21 ਟਰਾਈ ਸਾਈਕਲ, 19 ਵੀਲ੍ਹ ਚੇਅਰਜ਼ ਅਤੇ 44 ਕੰਨਾਂ ਨੂੰ ਲਗਾਉਣ ਵਾਲੀਆਂ ਮਸ਼ੀਨਾਂ ਦੀ ਵੰਡ ਕੀਤੀ। ਕੈਂਪ ਦੌਰਾਨ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਨਿਯਮਤ ਤੌਰ ਤੇ ਅਜਿਹੇ ਕੈਂਪ ਉਲੀਕੇ ਜਾਂਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦਾ ਇਹ ਕੈਂਪ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਅਤੇ ਸ੍ਰੀ ਸੱਤਿਆ ਸਾਈਂ ਸੰਮਿਤੀ ਗੁਰਦਾਸਪੁਰ ਦੇ ਸਹਿਯੋਗ ਨਾਲ ਅੱਜ ਗੋਲਡਨ ਸਕੂਲ ਵਿਖੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੇਵਾ ਦੇ ਕਾਰਜ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਦੌਰਾਨ ਵੀ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੇ ਫਾਇਦਾ ਲਿਆ ਹੈ ਅਤੇ ਜਿਹੜੇ ਦਿਵਿਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਸਹਾਇਤਾ ਦੇ ਉਪਕਰਨ ਮਿਲੇ ਹਨ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ।

ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਸ੍ਰੀ ਮੋਹਿਤ ਮਹਾਜਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਜੀਵ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਮਾਹਿਰ ਡਾਕਟਰ ਅਤੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਦਾ ਸਟਾਫ਼ ਵੀ ਮੌਜੂਦ ਸਨ।

Written By
The Punjab Wire