ਗੁਰਦਾਸਪੁਰ

ਡਿਪਟੀ ਕਮਿਸ਼ਨਰ ਵੱਲੋਂ ਬਾਲ ਭਵਨ ਗੁਰਦਾਸਪੁਰ ਵਿਖੇ ਬਿਊਟੀਸ਼ੀਅਨ ਸੈਂਟਰ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਬਾਲ ਭਵਨ ਗੁਰਦਾਸਪੁਰ ਵਿਖੇ ਬਿਊਟੀਸ਼ੀਅਨ ਸੈਂਟਰ ਦਾ ਉਦਘਾਟਨ
  • PublishedAugust 1, 2023

ਲੜਕੀਆਂ ਨੂੰ ਆਤਮ ਨਿਰਭਰ ਬਣਨ ਵਿੱਚ ਸਹਾਈ ਹੋਵੇਗਾ ਬਿਊਟੀਸ਼ੀਅਨ ਸੈਂਟਰ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 1 ਅਗਸਤ 2023 (ਦੀ ਪੰਜਾਬ ਵਾਇਰ ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਨਿਵੇਕਲੀ ਪਹਿਲ ਕਰਦਿਆਂ ਬਾਲ ਭਵਨ ਗੁਰਦਾਸਪੁਰ ਵਿਖੇ ਲੜਕੀਆਂ ਦੇ ਬਿਊਟੀਸ਼ੀਅਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਬਾਲ ਭਵਨ ਦੇ ਸੰਚਾਲਕ ਅਤੇ ਉੱਘੇ ਸਮਾਜ ਸੇਵੀ ਸ੍ਰੀ ਰੋਮੇਸ਼ ਮਹਾਜਨ ਦੇ ਯਤਨਾਂ ਸਦਕਾ ਬਾਲ ਭਵਨ ਵਿਖੇ ਸ਼ੁਰੂ ਹੋਏ ਇਸ ਬਿਊਟੀਸ਼ੀਅਨ ਸੈਂਟਰ ਵਿੱਚ ਇੱਕ ਸਾਲ ਅਤੇ 6 ਮਹੀਨੇ ਦੇ ਬਿਊਟੀ ਪਾਰਲਰ ਦੇ ਕੋਰਸ ਕਰਵਾਏ ਜਾਣਗੇ।

ਇਸ ਬਿਊਟੀਸ਼ੀਅਨ ਸੈਂਟਰ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਇਥੋਂ ਟਰੇਨਿੰਗ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਆਤਮ ਨਿਰਭਰ ਹੋਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਬਿਊਟੀਸ਼ੀਅਨ ਦੇ ਛੇ ਮਹੀਨੇ ਤੇ ਇੱਕ ਸਾਲ ਕੋਰਸ ਚੱਲਣਗੇ ਅਤੇ ਦਿਨ ਵਿੱਚ ਤਿੰਨ ਬੈਚ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਅਤੇ ਬਿਊਟੀਸ਼ੀਅਨ ਦੀਆਂ ਮਾਹਿਰਾਂ ਵੱਲੋਂ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਬੈਚ ਵਿੱਚ 20 ਲੜਕੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਟਰੇਨਿੰਗ ਹਾਸਲ ਕਰਨ ਲਈ ਬੜੀ ਵਾਜ਼ਬ ਫੀਸ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਿਖਲਾਈ ਵੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਸਕਿੱਲ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾ ਰਹੇ ਹਨ ਅਤੇ ਅੱਜ ਦਾ ਇਹ ਉਪਰਾਲਾ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੀਆਂ ਵੀ ਲੜਕੀਆਂ ਬਿਊਟੀਸ਼ੀਅਨ ਦਾ ਕੋਰਸ ਕਰਨ ਦੀਆਂ ਚਾਹਵਾਨ ਹਨ ਉਹ ਬਾਲ ਭਵਨ ਗੁਰਦਾਸਪੁਰ ਵਿਖੇ ਇਸ ਸੈਂਟਰ ਵਿਖੇ ਸੰਪਰਕ ਕਰ ਸਕਦੀਆਂ ਹਨ।

ਇਸ ਮੌਕੇ ਸਮਾਜ ਸੇਵੀ ਰੋਮੇਸ਼ ਮਹਾਜਨ, ਸ੍ਰੀਮਤੀ ਨੀਲਮ ਮਹਾਜਨ, ਬਲਜੀਤ ਸਿੰਘ, ਗਗਨਦੀਪ ਸਿੰਘ, ਡਾ. ਕੇ.ਡੀ. ਸਿੰਘ, ਪਰਮਿੰਦਰ ਸਿੰਘ, ਕੰਵਰ ਵਿੱਕੀ ਤੋਂ ਇਲਾਵਾ ਬਾਲ ਭਵਨ ਦਾ ਸਟਾਫ਼ ਵੀ ਹਾਜ਼ਰ ਸੀ।

Written By
The Punjab Wire