ਮੌਕੇ ਤੋਂ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਅਤੇ ਪੈਸੇ ਬਰਾਮਦ ; ਮੁੱਖ ਸਾਜ਼ਿਸ਼ਕਰਤਾ ਨੂੰ ਵੀ ਕੀਤਾ ਗ੍ਰਿਫਤਾਰ
ਚੰਡੀਗੜ੍ਹ, 20 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸੂਬੇ ਵਿੱਚ ਕੰਨਿਆ ਭਰੂਣ ਹੱਤਿਆ ਨੂੰ ਠੱਲ੍ਹ ਪਾਉਣ ਅਤੇ ਲਿੰਗ ਅਨੁਪਾਤ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਤਹਿਤ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਗੈਰ-ਕਾਨੂੰਨੀ ਲਿੰਗ ਨਿਰਧਾਰਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੌਕੇ ਤੋਂ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਅਤੇ ਲਿੰਗ ਟੈਸਟ ਲਈ ਦੋਸ਼ੀ ਨੂੰ ਅਦਾ ਕੀਤੇ 35000 ਰੁਪਏ ਵੀ ਬਰਾਮਦ ਕੀਤੇ ਗਏ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ: ਰਵਿੰਦਰਪਾਲ ਕੌਰ ਨੇ ਦੱਸਿਆ ਕਿ ਬਰਨਾਲਾ ਅਤੇ ਸੰਗਰੂਰ ਦੇ ਸਿਵਲ ਸਰਜਨਾਂ ਨੇ ਸਿਹਤ ਵਿਭਾਗ ਦੀ ਇੱਕ ਸਾਂਝੀ ਟੀਮ ਬਣਾਈ , ਜਿਸ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਰਨਾਲਾ ਡਾ: ਪਰਵੇਸ਼ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਡਾ. ਗੁਰਮਿੰਦਰ ਔਜਲਾ, ਗਾਇਨੀਕੋਲੋਜਿਸਟ ਡਾ: ਆਂਚਲ ਕਸ਼ਯਪ, ਰੇਡੀਓਲੋਜਿਸਟ ਸਿਵਲ ਹਸਪਤਾਲ ਬਰਨਾਲਾ ਡਾ: ਸ਼ਿਖਾ, ਪੀਐਨਡੀਟੀ ਕੋਆਰਡੀਨੇਟਰ ਗੁਰਜੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸੰਗਰੂਰ ਡਾ: ਇੰਦਰਜੀਤ ਸਿੰਗਲਾ, ਡਾ: ਅਮਨਪ੍ਰੀਤ ਕੌਰ ਅਤੇ ਪੀਐਨਡੀਟੀ ਕੋਆਰਡੀਨੇਟਰ ਹਰਪ੍ਰੀਤ ਸਿੰਘ ਸ਼ਾਮਲ ਹਨ, ਨੇ ਛਾਪੇਮਾਰੀ ਕੀਤੀ।
ਸਿਹਤ ਵਿਭਾਗ ਦੀ ਟੀਮ ਨੇ ਇੱਕ ਗਰਭਵਤੀ ਮਰੀਜ਼ ਨੂੰ ਭਰੂਣ ਦੇ ਲਿੰਗ ਦਾ ਪਤਾ ਕਰਨ ਲਈ ਇੱਕ ਵਿਅਕਤੀ ਕੋਲ ਭੇਜਿਆ । ਟੈਸਟ ਕਰਵਾਉਣ ਲਈ ਮਰੀਜ਼ ਨੂੰ ਸੁਨਾਮ ਦੇ ਇਕ ਘਰ ਬੁਲਾਇਆ ਗਿਆ ਅਤੇ ਦੋਸ਼ੀ ਨੇ ਉਸ ਕੋਲੋਂ 35,000 ਰੁਪਏ ਦੀ ਰਕਮ ਵਸੂਲੀ ।
ਜਿਵੇਂ ਹੀ ਮੁਲਜ਼ਮ ਨੇ ਜਾਂਚ ਸ਼ੁਰੂ ਕੀਤੀ ਤਾਂ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ 53 ਸਾਲਾ ਪੁਰਸ਼ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਡਾ: ਰਵਿੰਦਰਪਾਲ ਕੌਰ ਨੇ ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਸੇਧ ’ਤੇ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਤੇ ਸਹਾਇਕ ਡਾਇਰੈਕਟਰ ਡਾ.ਵਿਨੀਤ ਨਾਗਪਾਲ, ਜਿਨ੍ਹਾਂ ਨੇ ਸੂਬੇ ਭਰ ਤੋਂ ਇਸ ਛਾਪੇਮਾਰੀ ਲੲਂ ਤਾਲਮੇਲ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵਿਅਕਤੀ ਦੀ ਆਸ-ਪਾਸ ਦੇ ਰਾਜਾਂ ਵਿੱਚ ਵੀ ਭਾਲ ਕੀਤੀ ਜਾ ਰਹੀ ਸੀ, ਇਸ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਦੇ ਸਖ਼ਤ ਨਿਰਦੇਸ਼ਾਂ ਤਹਿਤ ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਸਿਹਤ ਅਧਿਕਾਰੀਆਂ ਦੀ ਸਾਂਝੀ ਟੀਮ ਛਾਪੇਮਾਰੀ ਲਈ ਗਠਿਤ ਕੀਤੀ ਗਈ ਸੀ। ਇਸ ਸਾਂਝੀ ਛਾਪੇਮਾਰੀ ਵਿੱਚ ਡਾ: ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ ਅਤੇ ਪੁਲਿਸ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ।
ਇਸ ਛਾਪੇਮਾਰੀ ਵਿੱਚ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ, ਲਿੰਗ ਟੈਸਟ ਲਈ ਮੁਲਜ਼ਮਾਂ ਨੂੰ ਅਦਾ ਕੀਤੇ ਗਏ 35000 ਰੁਪਏ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 2,49000/- ਰੁਪਏ ਦੀ ਹੋਰ ਰਾਸ਼ੀ ਅਤੇ ਗਰਭਪਾਤ ਕਰਵਾਉਣ ਲਈ ਵਰਤੇ ਜਾਂਦੇ ਯੰਤਰ ਅਤੇ ਦਵਾਈਆਂ ਵੀ ਮੌਕੇ ’ਤੇ ਬਰਾਮਦ ਕੀਤੀਆਂ ਗਈਆਂ। ਛਾਪੇਮਾਰੀ ਕਰ ਰਹੀ ਹੈਲਥ ਟੀਮ ਦੇ ਨਾਲ ਗਈ ਪÇੁਲਸ ਟੀਮ ਨੇ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਆਪਣੇ ਘਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਗਰਭਪਾਤ ਕਰਨ ਵਾਲੀ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਪੀਸੀ ਪੀਐਨਡੀਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।