ਪੰਜਾਬ

ਹੁਸ਼ਿਆਰਪੁਰ ਜ਼ਿਲ੍ਹੇ ’ਚ ਵਣ ਮਹਾਉਤਸਵ ਦੌਰਾਨ ਇਕ ਦਿਨ ’ਚ ਲਗਾਏ ਗਏ ਡੇਢ ਲੱਖ ਪੌਦੇ

ਹੁਸ਼ਿਆਰਪੁਰ ਜ਼ਿਲ੍ਹੇ ’ਚ ਵਣ ਮਹਾਉਤਸਵ ਦੌਰਾਨ ਇਕ ਦਿਨ ’ਚ ਲਗਾਏ ਗਏ ਡੇਢ ਲੱਖ ਪੌਦੇ
  • PublishedJuly 20, 2023

ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਚੌਹਾਲ ਤੇ ਡਾਡਾ ’ਚ ਪੌਦੇ ਲਗਾ ਕੇ ਜ਼ਿਲ੍ਹਾ ਪੱਧਰ ’ਤੇ ਵਣ ਮਹਾਉਤਸਵ ਦੀ ਕੀਤੀ ਸ਼ੁਰੂਆਤ

ਗੜ੍ਹਸ਼ੰਕਰ ’ਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ, ਉੜਮੁੜ ’ਚ ਵਿਧਾਇਕ ਜਸਵੀਰ ਸਿੰਘ ਗਿੱਲ, ਦਸੂਹਾ ’ਚ ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਮੁਕੇਰੀਆਂ ’ਚ ਵਿਧਾਨ ਸਭਾ ਇੰਚਾਰਜ ਜੀ.ਐਸ. ਮੁਲਤਾਨੀ ਨੇ ਲਗਾਏ ਪੌਦੇ

ਵਣ, ਪੇਂਡੂ ਵਿਕਾਸ ਵਿਭਾਗ, ਨਗਰ ਪ੍ਰੀਸਦਾਂ ਅਤੇ ਹੋਰ ਸੰਸਥਾਵਾਂ ਤੇ ਲੋਕਾਂ ਨੇ ਵੱਡੀ ਗਿਣਤੀ ’ਚ ਲਗਾਏ ਪੌਦੇ

ਹੁਸ਼ਿਆਰਪੁਰ, 20 ਜੁਲਾਈ 2023 (ਦੀ ਪੰਜਾਬ ਵਾਇਰ)। ਵਣ ਮਹਾਉਤਸਵ ਦੌਰਾਨ ਅੱਜ ਪੂਰੇ ਜ਼ਿਲ੍ਹੇ ਵਿਚ ਵਣ ਵਿਭਾਗ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵਲੋਂ ਪੌਦੇ ਲਗਾਏ ਗਏ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਜ਼ਿਲ੍ਹਾ ਪੱਧਰੀ ਵਣ ਮਹਾਉਤਸਵ ਦੀ ਸ਼ੁਰੂਆਤ ਹੁਸ਼ਿਆਰਪੁਰ ਦੇ ਪਿੰਡ ਚੌਹਾਲ ਅਤੇ ਡਾਡਾ ਵਿਚ ਪੌਦਾ ਲਗਾ ਕੇ ਕੀਤੀ ਗਈ। ਇਸ ਤੋਂ ਇਲਾਵਾ ਗੜ੍ਹਸ਼ੰਕਰ ’ਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ, ਉੜਮੁੜ ਵਿਧਾਨ ਸਭਾ ਹਲਕੇ ਵਿਚ ਵਿਧਾਇਕ ਜਸਵੀਰ ਸਿੰਘ ਗਿੱਲ, ਦਸੂਹਾ ਵਿਧਾਨ ਸਭਾ ਹਲਕੇ ਵਿਚ ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਵਿਚ ਵਿਧਾਨ ਸਭਾ ਇੰਚਾਰਜ ਜੀ.ਐਸ. ਮੁਲਤਾਨੀ ਨੇ ਵੀ ਵੱਖ-ਵੱਖ ਥਾਵਾਂ ’ਤੇ ਜਾ ਕੇ ਪੌਦੇ ਲਗਾਏ ਅਤੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਪੌਦਾ ਲਗਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੌਦੇ ਸਾਡੀ ਲਾਈਫ ਲਾਈਨ ਹਨ ਅਤੇ ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੂਰੇ ਜ਼ਿਲ੍ਹੇ ਵਿਚ ਵਣ ਮਹਾਂਉਤਸਵ ਦੌਰਾਨ ਇਕ ਦਿਨ ਵਿਚ ਕਰੀਬ ਡੇਢ ਲੱਖ ਪੌਦੇ ਲਗਾਏ ਜਾ ਰਹੇ ਹਨ, ਜੋ ਕਿ ਸਾਡੇ ਵਾਤਾਵਰਣ ਦੇ ਲਿਹਾਜ਼ ਨਾਲ ਬਹੁਤ ਹੀ ਪ੍ਰਸੰਸਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਨਾਲ ਲੋਕਾਂ ਵਿਚ ਵੀ ਪੌਦੇ ਲਗਾਉਣ ਨੂੰ ਲੈ ਕੇ ਹੋਰ ਜਾਗਰੂਕਤਾ ਪੈਦਾ ਹੋਵੇਗੀ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਹਰਿਆ-ਭਰਿਆ ਅਤੇ ਵਿਕਸਿਤ ਸੂਬਾ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸੰਭਾਲ ਕਰਨਾ ਵੀ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼ ਅਤੇ ਸੰਤੁਲਿਤ ਬਣਾਉਣ ਲਈ ਲਈ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੌੜੀ ਨੇ ਕਿਹਾ ਕਿ ਜ਼ਿਲ੍ਹੇ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੇ ਉਦੇਸ਼ ਨਾਲ ਜਿਥੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਉਥੇ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਵੀ ਕਰਨਾ ਹੈ। ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਵਿਧਾਨ ਸਭਾ ਇੰਚਾਰਜ ਜੀ.ਐਸ. ਮੁਲਤਾਨੀ ਨੇ ਵੀ ਪੌਦੇ ਲਗਾਉਣ ਦੌਰਾਨ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਤਨ-ਮਨ ਤੋਂ ਯਤਨ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਸਾਨੂੰ ਆਪਣੀਆਂ ਆਉਣ ਵਾਲੀ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਦੇ ਸਕਣ। ਇਸ ਲਈ ਨਾ ਸਿਰਫ਼ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਬਲਕਿ ਪੌਦਿਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵਣ ਵਿਭਾਗ ਦੇ ਸਹਿਯੋਗ ਨਾਲ ਪੂਰੇ ਜ਼ਿਲ੍ਹੇ ਵਿਚ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਕ ਲੱਖ ਤੋਂ ਵੱਧ ਪੌਦੇ ਹੁਸ਼ਿਆਰਪੁਰ ਦੇ ਸਾਰੇ ਵਣ ਮੰਡਲਾਂ ਵਿਚ ਵਣ ਵਿਭਾਗ ਦੀ ਟੀਮ ਵਲੋਂ ਲਗਾਏ ਗਏ ਹਨ, ਇਸ ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ, ਨਗਰ ਪ੍ਰੀਸ਼ਦਾਂ ਤੇ ਐਨ.ਜੀ.ਓਜ਼ ਵਲੋਂ ਵੀ ਪੌਦੇ ਲਗਾਏ ਗਏ ਹਨ। ਉਨ੍ਹਾਂ ਇਸ ਦੌਰਾਨ ਯੂਥ ਕਲੱਬਾਂ, ਐਨ.ਜੀ.ਓਜ਼ ਅਤੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ-ਨਾਲ ਪੌਦਿਆਂ ਦੀ ਸੰਭਾਲ ਵੀ ਕਰਨ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਜ਼ਿਲ੍ਹੇ ਵਿਚ ਔਸ਼ਧੀ ਪੌਦਿਆਂ ਦੇ ਨਾਲ-ਨਾਲ ਪਿੱਪਲ, ਬਰਗਦ, ਸੁਹਾਂਜਣਾਂ, ਅਰਜੁਨ, ਜਾਮੁਨ, ਟਾਹਲੀ, ਖੈਰ, ਕਿੱਕਰ, ਫਲਾਹੀ, ਅੰਬ, ਅਮਰੂਦ, ਟਾਹਲੀ ਅਤੇ ਆਂਵਲਾ ਆਦਿ ਦੇ ਪੌਦੇ ਲਗਾਏ ਗਏ ਹਨ। ਇਸ ਦੌਰਾਨ ਡੀ.ਐਫ.ਓ ਹੁਸ਼ਿਆਰਪੁਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਜ਼ਿਲ੍ਹਾ ਵਿਕਾਸ ਫੈਲੋ ਜੋਆ ਸਦੀਕੀ, ਵਣ ਰੇਂਜ ਅਫ਼ਸਰ ਜਤਿੰਦਰ ਸਿੰਘ ਵੀ ਮੌਜੂਦ ਸਨ।  

Written By
The Punjab Wire