ਕਪੂਰਥਲਾ, 15 ਜੁਲਾਈ 2023 (ਦੀ ਪੰਜਾਬ ਵਾਇਰ)। ਧੁੱਸੀ ਬੰਨ੍ਹ ਨੂੰ ਤੋੜਨਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮਹਿੰਗਾ ਪਿਆ ਜਦੋਂ ਥਾਣਾ ਕਬੀਰਪੁਰ ਦੀ ਪੁਲਿਸ ਨੇ ਐਕਸੀਅਨ ਡਰੇਨੇਜ ਵਿਭਾਗ ਦੀ ਸ਼ਿਕਾਇਤ ’ਤੇ ਵਿਧਾਇਕ ਰਾਣਾ ਅਤੇ ਉਨ੍ਹਾਂ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਵਿਧਾਇਕ ਅਤੇ ਉਸ ਦੇ 100 ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 277, 426, 430 ਆਈਪੀਸੀ, 70 ਕੈਨਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਹਾਲਾਕਿ ਵਿਧਾਇਕ ਰਾਣਾ ਇੰਦਰ ਪ੍ਰਤਾਪ ਵੱਲੋ ਦਾਅਵਾ ਕੀਤਾ ਗਿਆ ਉਨ੍ਹਾਂ ਦੇ ਇਲਾਕੇ ਦੇ ਲੋਕ ਹੜ੍ਹਾਂ ਦੇ ਪਾਣੀ ਕਾਰਨ ਖ਼ਤਰੇ ਵਿੱਚ ਹਨ ਅਤੇ ਪ੍ਰਸ਼ਾਸਨ ਬੇਖ਼ਬਰ ਹੈ। ਇਸ ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਕਰਨਜੀਤ ਸਿੰਘ ਆਹਲੀ ਨੇ ਧੁੱਸੀ ਬੰਨ੍ਹ ਨੂੰ ਤੋੜਨ ਨੂੰ ਗਲਤ ਕਿਹਾ ਸੀ ਕਿਉਂਕਿ ਇਹ ਬੰਨ੍ਹ ਸਰਕਾਰੀ ਹੈ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਇਸ ਨੂੰ ਤੋੜਨਾ ਗੈਰ-ਕਾਨੂੰਨੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਨ੍ਹ ਤੋੜਨ ਵਾਲੇ ਵਿਧਾਇਕ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਦੱਸਣਯੋਗ ਹੈ ਕਿ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸ਼ੁੱਕਰਵਾਰ ਨੂੰ ਹੀ ਕੈਨੇਡਾ ਤੋਂ ਪਰਤ ਆਏ ਹਨ। ਉਹ ਆਉਂਦੇ ਹੀ ਹੜ੍ਹਾਂ ਦਾ ਜਾਇਜ਼ਾ ਲੈਣ ਆਪਣੇ ਇਲਾਕੇ ਸੁਲਤਾਨਪੁਰ ਲੋਧੀ ਪਹੁੰਚ ਗਏ। ਉਥੇ ਅੱਠ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਹੜ੍ਹਾਂ ਦੇ ਪਾਣੀ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਉਪਰੰਤ ਵਿਧਾਇਕ ਨੇ ਜੇਸੀਬੀ ਦੀ ਮਦਦ ਨਾਲ ਬੰਨ ਨੂੰ ਤੋੜ ਦਿੱਤਾ।