Close

Recent Posts

ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਟੀਕਾਕਰਣ ਤੇਜ਼

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਟੀਕਾਕਰਣ ਤੇਜ਼
  • PublishedJuly 15, 2023

25 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ

3300 ਤੋਂ ਜ਼ਿਆਦਾ ਲੋਕ ਹਾਲੇ ਵੀ 164 ਰਾਹਤ ਕੈਂਪਾਂ ਵਿਚ ਰੁਕੇ ਹੋਏ ਹਨ

ਸੁੱਕੇ ਫੂਡ ਪੈਕਟਾਂ ਦੀ ਵੰਡ ਜਾਰੀ, ਪਟਿਆਲਾ ‘ਚ 52 ਹਜ਼ਾਰ ਤੇ ਰੂਪਨਗਰ ‘ਚ 20 ਹਜ਼ਾਰ ਪੈਕਟ ਵੰਡੇ

ਚੰਡੀਗੜ੍ਹ, 15 ਜੁਲਾਈ 2023 (ਦੀ ਪੰਜਾਬ ਵਾਇਰ)।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨੁੱਖੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਬੇਜ਼ੁਬਾਨੇ ਪਸ਼ੂਆਂ ਨੂੰ ਬਿਮਾਰੀ ਮੁਕਤ ਰੱਖਣ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਟੀਕਾਕਰਣ ਮੁਹਿੰਮ ਵਿਚ ਤੇਜ਼ੀ ਲਿਆਂਦੀ ਹੈ। ਹੜ੍ਹਾਂ ਕਾਰਣ ਬਿਮਾਰੀ ਹੋਏ 2862 ਪਸ਼ੂਆਂ ਦਾ ਜਿੱਥੇ ਇਲਾਜ ਕੀਤਾ ਗਿਆ ਹੈ ਉੱਥੇ ਹੀ 11672 ਪਸ਼ੂਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।

ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੀ ਸਰਗਰਮੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੰਮ ਕਰ ਰਹੀਆਂ ਹਨ। ਇਸ ਵੇਲੇ 359 ਰੈਪਿਡ ਰਿਸਪਾਂਸ ਟੀਮਾਂ ਕਾਰਜਸ਼ੀਲ ਹਨ ਜਦਕਿ ਮੈਡੀਕਲ ਕੈਂਪਾਂ ਦੀ ਗਿਣਤੀ 263 ਕਰ ਦਿੱਤੀ ਗਈ ਹੈ।

ਓਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ 25160 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਸੂਬੇ ਵਿਚ ਕੁੱਲ 164 ਰਾਹਤ ਕੈਂਪ ਚੱਲ ਰਹੇ ਹਨ ਜਿਨ੍ਹਾਂ ਵਿਚ 3331 ਲੋਕ ਰਹਿ ਰਹੇ ਹਨ। ਸਭ ਤੋਂ ਜ਼ਿਆਦਾ 56 ਰਾਹਤ ਕੈਂਪ ਜਲੰਧਰ ਜ਼ਿਲ੍ਹੇ ਵਿਚ ਹਨ।

ਇਕ ਬੁਲਾਰੇ ਨੇ ਦੱਸਿਆ 14 ਜ਼ਿਿਲ੍ਹਆਂ ਦੇ 1390 ਪਿੰਡ ਹਾਲੇ ਵੀ ਹੜ੍ਹ ਪ੍ਰਭਾਵਿਤ ਹਨ। ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉਨ੍ਹਾਂ ‘ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਦੇ ਨਾਂ ਸ਼ਾਮਲ ਹਨ।

ਵੱਖ-ਵੱਖ ਜ਼ਿਿਲ੍ਹਆਂ ਵਿਚੋਂ ਮਾਲ ਵਿਭਾਗ ਨੂੰ ਮਿਲੀ ਰਿਪੋਰਟ ਮੁਤਾਬਿਕ ਸੂਬੇ ਵਿਚ ਹੜ੍ਹਾਂ ਕਾਰਣ ਕੁੱਲ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3 ਹਾਲੇ ਵੀ ਲਾਪਤਾ ਹਨ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕੇ ਫੂਡ ਪੈਕਟਾਂ ਦੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ। ਸਿਰਫ ਪਟਿਆਲਾ (52000) ਅਤੇ ਰੂਪਨਗਰ (20030) ਵਿਚ ਹੀ 72 ਹਜ਼ਾਰ ਤੋਂ ਜ਼ਿਆਦਾ ਸੁੱਕੇ ਫੂਡ ਪੈਕਟ ਵੰਡੇ ਜਾ ਚੁੱਕੇ ਹਨ।

Written By
The Punjab Wire