ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਡਾਕਟਰ ਓਬਰਾਏ ਦਾ ਧੰਨਵਾਦ
ਤਰਨਤਾਰਨ,15 ਜੁਲਾਈ 2023 (ਦੀ ਪੰਜਾਬ ਵਾਇਰ )। ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਵਿਸ਼ਵ ਪ੍ਰਸਿੱਧ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੜ੍ਹ ਪੀੜਿਤਾਂ ਦੀ ਮਦਦ ਲਈ ਅੱਗੇ ਆਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਮਹਿਸੂਸ ਹੋਵੇਗੀ ਉਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੇਵਾ ਕੀਤੀ ਜਾਵੇਗੀ। ਤਰਨਤਾਰਨ ਜ਼ਿਲ੍ਹਾ ਦੇ 31 ਪਿੰਡ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੇਠ ਆਏ ਹਨ।
ਇਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਮਾਲ ਡੰਗਰ ਨਾਲ ਘਰਾਂ ਨੂੰ ਛੱਡ ਕੇ ਉੱਚੇ ਥਾਂ ਤੇ ਹਿਜਰਤ ਕਰਨੀ ਪਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਹੜ੍ਹ ਆਉਣ ਦੇ ਹਲਾਤਾਂ ਨੂੰ ਵੇਖਦਿਆਂ ਪਹਿਲੇ ਦਿਨ ਹੀ ਸਾਡੀ ਜ਼ਿਲ੍ਹਾ ਟੀਮ ਨੂੰ ਜ਼ਮੀਨੀ ਪੱਧਰ ਤੇ ਹਲਾਤਾਂ ਦਾ ਜਾਇਜ਼ਾ ਲੈਣ ਲਈ ਕਿਹਾ ਸੀ। ਸਾਡੀ ਟੀਮ ਵੱਲੋਂ ਜ਼ਮੀਨੀ ਪੱਧਰ ਤੇ ਵਿਚਰਦਿਆਂ ਇਹ ਮਹਿਸੂਸ ਕੀਤਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਓਥੇਂ ਕਿਸਾਨਾਂ ਦੇ ਪਸ਼ੂ ਧੰਨ ਲਈ ਹਰੇ ਚਾਰੇ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵੱਜੋਂ ਉੱਭਰ ਕੇ ਸਾਹਮਣੇ ਆਈ। ਇਸ ਸਬੰਧੀ ਜਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਵੀ ਡਾਕਟਰ ਓਬਰਾਏ ਕੋਲੋਂ ਪਸ਼ੂਆਂ ਦੀ ਖੁਰਾਕ ਲਈ ਸਹਾਇਤਾ ਦੀ ਬੇਨਤੀ ਕੀਤੀ ਗਈ। ਸਾਡੀ ਟੀਮ ਅਤੇ ਪ੍ਰਸ਼ਾਸਨ ਦੀ ਮੰਗ ਨੂੰ ਵੇਖਦਿਆਂ ਡਾਕਟਰ ਓਬਰਾਏ ਵੱਲੋਂ 330 ਕੁਇੰਟਲ ਮੱਕੀ ਦਾ ਆਚਾਰ ਭੇਜਿਆ। ਜਿਸ ਨੂੰ ਪਿੰਡ ਘੜੁੰਮ,ਗਦਾਈ ਏ, ਘੁੱਲੇਵਾਲਾ, ਕੋਟਬੁੱਢਾ, ਕੁੱਤੀਵਾਲਾ, ਡੂੰਮਣੀ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਤਕਸੀਮ ਕੀਤਾ ਗਿਆ ਹੈ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਾਕਟਰ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਓਬਰਾਏ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਜਿੱਥੇ ਕਿਤੇ ਵੀ ਕੋਈ ਮੁਸ਼ਕਿਲ,ਔਂਕੜ ਆਉਂਦੀ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਉਂਦੀ ਹੈ। ਅੱਜ ਵੀ ਜਦ ਤਰਨਤਾਰਨ ਜ਼ਿਲ੍ਹੇ ਨੂੰ ਪਸ਼ੂਆਂ ਦੀ ਖੁਰਾਕ ਦੀ ਲੋੜ ਸੀ ਤਾਂ ਉਹਨਾਂ ਵੱਲੋਂ ਟਰੱਕ ਭਰ ਕੇ ਮੱਕੀ ਦਾ ਆਚਾਰ ਭੇਜਿਆ ਗਿਆ ਹੈ। 330 ਕੁਇੰਟਲ ਆਚਾਰ ਆਉਣ ਨਾਲ ਸਾਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ। ਅਸੀਂ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਡਾਕਟਰ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਭਵਿੱਖ ਵਿੱਚ ਵੀ ਉਹਨਾਂ ਦਾ ਸਾਥ, ਸਹਿਯੋਗ ਸਾਨੂੰ ਮਿਲਦਾ ਰਹੇਗਾ।