Close

Recent Posts

ਪੰਜਾਬ ਮੁੱਖ ਖ਼ਬਰ

ਭਗਵੰਤ ਮਾਨ ਸਰਕਾਰ ਕੁਦਰਤ ਦੀ ਕਰੋਪੀ ਦੀ ਇਸ ਘੜੀ ’ਚ ਪੀੜਤ ਲੋਕਾਂ ਦੀ ਮੱਦਦ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ-ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ

ਭਗਵੰਤ ਮਾਨ ਸਰਕਾਰ ਕੁਦਰਤ ਦੀ ਕਰੋਪੀ ਦੀ ਇਸ ਘੜੀ ’ਚ ਪੀੜਤ ਲੋਕਾਂ ਦੀ ਮੱਦਦ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ-ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ
  • PublishedJuly 13, 2023

ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਹੁਣ ਤੱਕ ਪੰਜਾਬ ’ਚ 23600 ਫ਼ੂਡ ਪੈਕੇਟਾਂ ਦੀ ਵੰਡ

ਸੂਬੇ ’ਚ ਮੋਹਾਲੀ, ਲੁਧਿਆਣਾ, ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ 40 ਹਜ਼ਾਰ ਕਿੱਟਾਂ ਦੀ ਪੈਕਿੰਗ

ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਕੀਤਾ ਤਿੰਨ ਗੱਡੀਆਂ ਨੂੰ ਰਵਾਨਾ

ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੁਲਾਈ (ਦੀ ਪੰਜਾਬ ਵਾਇਰ)। ਪੰਜਾਬ ਦੇ ਖੁਰਾਕ, ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਆਖਿਆ ਕਿ ਭਗਵੰਤ ਮਾਨ ਸਰਕਾਰ ਭਾਰੀ ਮੀਂਹਾਂ ਕਾਰਨ ਆਈ ਕੁਦਰਤ ਦੀ ਕਰੋਪੀ ਕਾਰਨ ਸੰਕਟ ’ਚ ਆਏ ਸੂਬੇ ਦੇ ਪੀੜਤ ਲੋਕਾਂ ਦੀ ਹਰ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ। ਇਸੇ ਲੜੀ ’ਚ ਹੜ੍ਹ ਪੀੜਤਾਂ ਨੂੰ ਸਰਕਾਰ ਵੱਲੋਂ 40 ਹਜ਼ਾਰ ਫ਼ੂਡ ਪੈਕੇਟ ਤੁਰੰਤ ਪ੍ਰਭਾਵ ਨਾਲ ਵੰਡੇ ਜਾ ਰਹੇ ਹਨ, ਜਿਸ ਵਿੱਚੋਂ ਹੁਣ ਤੱਕ 23600 ਪੈਕੇਟ ਵੰਡੇ ਜਾ ਚੁੱਕੇ ਹਨ।

ਅੱਜ ਇੱਥੇ ਵੇਰਕਾ ਮਿਲਕ ਪਲਾਂਟ ਵਿਖੇ ਵੱਖ-ਵੱਖ ਜ਼ਿਲ੍ਹਿਆਂ ਲਈ ਤਿਆਰ ਫ਼ੂਡ ਪੈਕੇਟਾਂ ਦੀਆਂ ਤਿੰਨ ਗੱਡੀਆਂ ਨੂੰ ਰਵਾਨਾ ਕਰਨ ਆਏ, ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਖੁਰਾਕ, ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਵੱਲੋਂ ਮੋਹਾਲੀ, ਲੁਧਿਆਣਾ, ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵੇਰਕਾ ਮਿਲਕ ਪਲਾਂਟਾਂ ਵਿਖੇ ਰੋਜ਼ਾਨਾ ਇਨ੍ਹਾਂ ਫ਼ੂਡ ਪੈਕੇਟਾਂ ਦੀ ਪੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਈ ਇਸ ਮੰਗ ਦੇ ਟੀਚੇ ਨੂੰ ਕਲ੍ਹ ਤੱਕ ਪੂਰਾ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਢੰਗਾਂ ਨਾਲ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ, ਕਿਸੇ ਵਿਭਾਗ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ਅਤੇ ਕਿਸੇ ਵੱਲੋਂ ਉਨ੍ਹਾਂ ਹਿੱਸੇ ਆਏ ਹੋਰ ਕੰਮ ਕੀਤੇ ਜਾ ਰਹੇ ਹਨ। ਖੁਰਾਕ, ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ਼ੌਰੀ ਮੱਦਦ ਵਜੋਂ ਅਜਿਹੇ ਫ਼ੂਡ ਪੈਕੇਟ ਤਿਆਰ ਕਰਨ ਦੀ ਜ਼ਿੰਮੇਂਵਾਰੀ ਦਿੱਤੀ ਗਈ ਸੀ, ਜਿਸ ਨੂੰ ਤਨਦੇਹੀ ਨਾਲ ਨਿਭਾਇਆ ਗਿਆ। ਇਨ੍ਹਾਂ ਪੈਕੇਟਾਂ ’ਚ ਬ੍ਰੈੱਡ, ਕਾਜੂ ਪਿੰਨੀਆਂ, ਬਿਸਕੁੱਟ ਦੇ ਪੈਕੇਟ, ਮਿਲਕ ਪੈਕਸ, ਪਾਣੀ ਦੀਆਂ ਬੋਤਲਾਂ, ਮੋਮਬੱਤੀ, ਮਾਚਿਸ, ਡਿਸਪੋਜ਼ੇਬਲ ਕੱਪ ਤੇ ਚੱਮਚ ਸ਼ਾਮਿਲ ਹਨ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਿਨਟ ਦੇ ਹਰ ਇੱਕ ਮੰਤਰੀ, ਸਰਕਾਰੀ ਅਦਾਰਿਆਂ ਦੇ ਚੇਅਰਮੈਨਾਂ ਅਤੇ ਪਾਰਟੀ ਨਾਲ ਸਬੰਧਤ ਵਿਧਾਇਕਾਂ ਨੂੰ ਇਸ ਸੰਕਟ ਦੀ ਘੜੀ ’ਚ ਫ਼ੀਲਡ ’ਚ ਜਾ ਕੇ ਪੀੜਤਾਂ ਦੀ ਮੱਦਦ ਕਰਨ ਦੇ ਆਦੇਸ਼ਾਂ ਤਹਿਤ ਹਰ ਕੋਈ ਆਪੋ-ਆਪਣੀ ਜ਼ਿੰਮੇਂਵਾਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਉੁਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ’ਚ ਦੋ ਗੱਲਾਂ ਸਭ ਤੋਂ ਵੱਧ ਜ਼ਰੂਰੀ ਹੁੰਦੀਆਂ ਹਨ, ਪਹਿਲੀ ਬਚਾਅ ਕਾਰਜ ਅਤੇ ਦੂਸਰੀ ਰਾਹਤ ਕਾਰਜ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਇਨ੍ਹਾਂ ਕਾਰਜਾਂ ’ਚ ਜੀਅ ਜਾਨ ਨਾਲ ਲੱਗੀ ਹੋਈ ਹੈ ਅਤੇ ਸਭ ਤੋਂ ਪਹਿਲੀ ਤਰਜੀਹ ਲੋਕਾਂ ਨੂੰ ਇਸ ਕੁਦਰਤੀ ਕਰੋਪੀ ਤੋਂ ਬਚਾਉਣਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋੋਏ ਖਰਾਬੇ ਦੀ ਪਾਈ-ਪਾਈ ਪੀੜਤਾਂ ਨੂੰ ਮੁਆਵਜ਼ੇ ਦੇ ਰੂਪ ’ਚ ਦਿੱਤੀ ਜਾਵੇਗੀ ਕਿਉਂ ਜੋ ਕਿਸੇ ਦੀ ਸੰਕਟ ਦੀ ਘੜੀ ’ਚ ਮੱਦਦ ਕਰਨੀ ਹੀ ਸਭ ਤੋਂ ਵੱਡੀ ਪਰਖ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਸਰਕਾਰ ਇਸ ਮੁਸ਼ਕਿਲ ਦੇ ਸਮੇਂ ’ਚੋਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਹਰ ਸੰਭਵ ਮੱਦਦ ਕਰੇਗੀ।

ਇਸ ਮੌਕੇ ਡਾਇਰੈਕਟਰ ਖੁਰਾਕ, ਸਪਲਾਈ ਤੇ ਖਪਤਕਾਰ ਮਾਮਲੇ ਪੰਜਾਬ, ਘਣਸ਼ਿਆਮ ਥੋਰੀ, ਵੇਰਕਾ ਪਲਾਂਟ ਮੋਹਾਲੀ ਦੇ ਜੀ ਐਮ ਰਾਜ ਕੁਮਾਰ ਵੀ ਉਨ੍ਹਾਂ ਨਾਲ ਮੌਜੂਦ ਸਨ।

Written By
The Punjab Wire