ਨੁਕਸਾਨਗ੍ਰਸਤ ਪਾਈਪਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਦੇ ਨਿਰਦੇਸ਼
ਮੋਰਿੰਡਾ/ਚੰਡੀਗੜ੍ਹ, 12 ਜੁਲਾਈ 2023 ( ਦੀ ਪੰਜਾਬ ਵਾਇਰ)। ਕਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਕਜੌਲੀ ਵਾਟਰ ਵਰਕਸ ਦਾ ਦੌਰਾ ਕਰਕੇ ਟਰਾਈਸਿਟੀ ਨੂੰ ਹੋ ਰਹੀ ਪਾਣੀ ਦੀ ਸਪਲਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ, ਐਸ.ਐਸ.ਪੀ. ਵਿਵੇਕ ਸੋਨੀ ਅਤੇ ਜਲ ਸਰੋਤ ਤੇ ਜਲ ਸਪਲਾਈ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਨੁਕਸਾਨਗ੍ਰਸਤ ਪਾਈਪਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੁਹਾਲੀ, ਚੰਡੀਗੜ੍ਹ ਤੇ ਚੰਡੀਮੰਦਰ ਨੂੰ ਪਾਣੀ ਦੀ ਸਪਲਾਈ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਰਸ਼ਾਂ ਦੀ ਸੰਭਾਵਨਾ ਨਾਲ ਕਿਸੇ ਵੀ ਅਣਸੁਖਾਵੀਂ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਪਾਣੀ ਦੀਆਂ ਪਾਈਪਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਰਾਹਤ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਅਤੇ ਇਹਤਿਆਤ ਵਜੋਂ ਅਗਾਊਂ ਪ੍ਰਬੰਧ ਵੀ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਲੋੜੀਂਦੇ ਮਿੱਟੀ ਦੇ ਥੈਲੇ ਅਤੇ ਖਾਲੀ ਬੈਗਾਂ ਦਾ ਪ੍ਰਬੰਧ ਕੀਤਾ ਗਿਆ ਹੈ।ਪਾਣੀ ਦਾ ਪੱਧਰ ਘਟਾ ਕੇ ਮੁਰੰਮਤ ਦੇ ਕੰਮ ਵਿੱਚ ਮੱਦਦ ਕੀਤੀ ਜਾ ਰਹੀ ਹੈ।ਪਾਈਪਾਂ ਦੀ ਮੁਰੰਮਤ ਦੇ ਕੰਮ ਵਿੱਚ ਵਿਭਾਗ ਦੇ ਕਰਮਚਾਰੀ ਲੱਗੇ ਹੋਏ ਹਨ।
ਜ਼ਿਕਰਯੋਗ ਹੈ ਕਿ ਭਾਖੜਾ ਮੇਨ ਲਾਈਨ ਤੋਂ ਕਜੌਲੀ ਵਾਟਰ ਵਰਕਸ ਰਾਹੀਂ ਰੋਜ਼ਾਨਾ ਟਰਾਈਸਿਟੀ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 120 ਮਿਲੀਅਨ ਗੇਲਨ ਪ੍ਰਤੀ ਦਿਨ ਸਮਰੱਥਾ ਵਾਲੀਆਂ ਪੰਜ ਪਾਈਪਾਂ ਵਿੱਚੋਂ ਪੰਜਾਬ ਦੇ ਜਲ ਸਪਲਾਈ ਵਿਭਾਗ ਦੀ ਇਕ ਪਾਈਪ ਨੂੰ ਨੁਕਸਾਨ ਹੋਇਆ ਜਦੋਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਇਕ ਪਾਈਪਲਾਈਨ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਦੋਵੇਂ ਪਾਈਪਾਂ ਦੀ ਸਮਰੱਥਾ 20-20 ਮਿਲੀਅਨ ਗੇਲਨ ਪ੍ਰਤੀ ਦਿਨ ਹੈ।