ਪੰਜਾਬ

ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਟੀਮਾਂ ਬਣਾ ਕੇ ਕੀਤਾ ਜਾ ਰਿਹੈ ਰਾਹਤ ਕਾਰਜ: ਡਿਪਟੀ ਕਮਿਸ਼ਨਰ ਮਿੱਤਲ

ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਟੀਮਾਂ ਬਣਾ ਕੇ ਕੀਤਾ ਜਾ ਰਿਹੈ ਰਾਹਤ ਕਾਰਜ: ਡਿਪਟੀ ਕਮਿਸ਼ਨਰ ਮਿੱਤਲ
  • PublishedJuly 12, 2023

ਚੋਆਂ ਵਿਚੋਂ ਗਾਰ ਕੱਢਣ, ਡਰੇਨਾਂ ਦੀ ਬਹਾਲੀ, ਕੁਦਰਤੀ ਡਰੇਨਾਂ ਨੂੰ ਰੇਤ ਦੀਆਂ ਬੋਰੀਆਂ ਨਾਲ ਬੰਨ੍ਹਣ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ 

-ਕਿਹਾ, ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੇ ਪੁਖਤਾ ਪ੍ਰਬੰਧ 

ਹੁਸ਼ਿਆਰਪੁਰ, 12 ਜੁਲਾਈ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਜ਼ਿਲ੍ਹੇ ਵਿੱਚ ਜੋ ਸਥਿਤੀ ਪੈਦਾ ਹੋਈ ਸੀ, ਉਹ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀਮਾਂ ਬਣਾ ਕੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗੜ੍ਹਸ਼ੰਕਰ ਸਬ-ਡਵੀਜ਼ਨ ਵਿੱਚ ਜ਼ਿਆਦਾ ਸੇਮ ਹੈ, ਜਿੱਥੇ ਹੁਣ ਸਥਿਤੀ ਆਮ ਵਾਂਗ ਹੈ ਅਤੇ ਪ੍ਰਭਾਵਿਤ ਪਿੰਡਾਂ ਵਿੱਚ ਟੀਮਾਂ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਆਂ ਵਿਚੋਂ ਗਾਰ ਕੱਢਣ, ਡਰੇਨਾਂ ਦੀ ਮੁਰੰਮਤ, ਕੁਦਰਤੀ ਡਰੇਨਾਂ ਨੂੰ ਰੇਤ ਦੀਆਂ ਬੋਰੀਆਂ ਨਾਲ ਬੰਨ੍ਹਣ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਪਾਣੀ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਦਿਸ਼ਾ ਵਿੱਚ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਸਥਾਪਿਤ ਕਰਕੇ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਭਾਵੀ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਲਈ ਜੇ.ਸੀ.ਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ, ਮੈਡੀਕਲ ਟੀਮਾਂ ਪਿੰਡਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਹਰ ਤਰ੍ਹਾਂ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ।

Written By
The Punjab Wire