ਚੰਡੀਗੜ੍ਹ, 10 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਸੇਵਾਮੁਕਤ ਪਟਵਾਰੀ ਸੁਰਿੰਦਰਪਾਲ ਸਿੰਘ, ਜੋ ਘੁਟਾਲੇ ਸਮੇਂ ਲੈਂਡ ਐਕੁਜ਼ੀਸ਼ਨ ਕੁਲੈਕਟਰ (ਐਲ.ਏ.ਸੀ.) ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿੱਚ ਤਾਇਨਾਤ ਸੀ, ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਘੁਟਾਲੇ ਵਿੱਚ ਇਹ 18ਵੀਂ ਗ੍ਰਿਫ਼ਤਾਰੀ ਹੈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਵਿੱਚ ਇਹ ਘਪਲਾ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ ਗਲਤ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਲਈ ਗਲਤ ਸੂਚਨਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਨੇ ਮੁਆਵਜ਼ੇ ਦੀ ਵੰਡ ਲਈ ਅਮਰੂਦ ਦੇ ਬੂਟਿਆਂ ਦੀ ਮਾਰਕੀਟ ਕੀਮਤ ਦਰਸਾਉਂਦਿਆਂ ਐਲ.ਏ.ਸੀ. ਗਮਾਡਾ ਨੂੰ ਮੁਲਾਂਕਣ ਰਿਪੋਰਟ ਭੇਜੀ ਸੀ ਪਰ ਮਾਲ ਰਿਕਾਰਡ ਅਨੁਸਾਰ ਇਸ ਰਿਪੋਰਟ ਵਿੱਚ ਕੁਝ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਸਹੀ ਨਹੀਂ ਦਰਸਾਇਆ ਗਿਆ ਸੀ। ਮੁਲਜ਼ਮ ਪਟਵਾਰੀ ਨੇ ਇਸ ਬਾਰੇ ਇਤਰਾਜ਼ ਉਠਾਉਣ ਦੀ ਬਜਾਏ ਬਾਗ਼ਬਾਨੀ ਵਿਭਾਗ ਦੀ ਇਸ ਰਿਪੋਰਟ ਅਨੁਸਾਰ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਸਿਫ਼ਾਰਸ਼ ਕਰ ਦਿੱਤੀ |
ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਦੀ ਸਿਫ਼ਾਰਸ਼ ਦੇ ਆਧਾਰ ‘ਤੇ ਨਾਇਬ-ਤਹਿਸੀਲਦਾਰ ਨੇ ਇਹ ਕੇਸ ਤਤਕਾਲੀ ਐਲ.ਏ.ਸੀ. ਨੂੰ ਅੱਗੇ ਭੇਜ ਦਿੱਤਾ, ਜਿਸ ਵੱਲੋਂ ਅਦਾਇਗੀਆਂ ਜਾਰੀ ਕਰ ਦਿੱਤੀਆਂ ਗਈਆਂ।
ਸੁਰਿੰਦਰਪਾਲ ਸਿੰਘ ਨੂੰ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।