ਗੁਰਦਾਸਪੁਰ, 9 ਜੁਲਾਈ 2023 (ਦੀ ਪੰਜਾਬ ਵਾਇਰ)। ਅੱਜ ਸਵੇਰੇ ਉੱਜ ਦਰਿਆ ਵਿੱਚ 2 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਮਕੌੜਾ ਪੱਤਣ ਕੋਲ ਉੱਜ ਦਰਿਆ ਦਾ ਪਾਣੀ ਰਾਵੀ ਦਰਿਆ ਵਿੱਚ ਆ ਕੇ ਮਿਲ ਗਿਆ ਹੈ। ਰਾਵੀ ਵਿੱਚ ਉੱਜ ਦਰਿਆ ਦਾ ਪਾਣੀ ਮਿਲਣ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਮਕੌੜਾ ਪੱਤਣ ਕੋਲ ਦਰਿਆ ਰਾਵੀ ਦੇ ਨਾਲ ਜਾਂਦੀ ਸੰਪਰਕ ਸੜਕ ਵੀ ਪਾਣੀ ਦੀ ਮਾਰ ਹੇਠ ਆ ਗਈ ਹੈ। ਅਜਿਹੇ ਵਿੱਚ ਰਾਵੀ ਦਰਿਆ ਦੇ ਕੰਢੇ ਦੇ ਕੋਲ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਉੱਜ ਅਤੇ ਰਾਵੀ ਦਰਿਆ ਦੇ ਪਾਸ ਰਹਿੰਦੀ ਵਸੋਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਵੀ ਦਰਿਆ ਤੋਂ ਦੂਰ ਸੁਰੱਖਿਅਤ ਥਾਵਾਂ ਤੇ ਚਲੇ ਜਾਣ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਕੋਲ ਰਹਿੰਦੀ ਗੁੱਜਰ ਭਾਈਚਾਰੇ ਦੀ ਵਸੋਂ ਨੂੰ ਵੀ ਕਿਹਾ ਕਿ ਉਹ ਆਪਣੇ ਮਾਲ-ਡੰਗਰ ਸਮੇਤ ਤੁਰੰਤ ਸੁਰੱਖਿਅਤ ਥਾਵਾਂ
ਤੇ ਚਲੇ ਜਾਣ।
ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਹੋਰ ਅਧਿਕਾਰੀਆਂ ਨਾਲ ਮੌਕੇ ਤੇ ਪਹੁੰਚ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ
ਤੇ ਜਾਣ ਲਈ ਕਹਿ ਰਹੇ ਹਨ।
ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਰਾਵੀ ਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ ਅਤੇ ਕਿਸੇ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋਣ `ਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 1800-180-1852 ਅਤੇ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਸੰਪਰਕ ਕਰਨ ਲਈ ਕਿਹਾ ਹੈ।