ਉੱਜ ਦਰਿਆ ਦਾ ਵਧਿਆ ਪਾਣੀ ਅੱਜ ਸਵੇਰੇ 10:00 ਵਜੇ ਮਕੌੜਾ ਪੱਤਣ ਅਤੇ ਦੁਪਹਿਰ 12:00 ਤੱਕ ਧਰਮਪਕੋਟ ਪੱਤਣ ਤੱਕ ਪਹੁੰਚ ਜਾਵੇਗਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਜ ਅਤੇ ਰਾਵੀ ਦਰਿਆ ਦੇ ਨੇੜੇ ਰਹਿੰਦੀ ਵਸੋਂ ਨੂੰ ਹੜ੍ਹ ਪ੍ਰਭਾਵਤ ਖੇਤਰ ਤੋਂ ਦੂਰ ਜਾਣ ਅਤੇ ਚੌਕਸ ਰਹਿਣ ਦੀ ਅਪੀਲ
ਗੁਰਦਾਸਪੁਰ, 9 ਜੁਲਾਈ 2023 (ਦੀ ਪੰਜਾਬ ਵਾਇਰ) – ਬੀਤੇ ਦਿਨ ਤੋਂ ਮੈਦਾਨੀ ਤੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਤਹਿਤ ਉੱਜ ਦਰਿਆ ਵਿੱਚ ਅੱਜ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਜ ਦਰਿਆ ਵਿੱਚ ਛੱਡਿਆ ਗਿਆ 2 ਲੱਖ ਕਿਊਸਿਕ ਪਾਣੀ ਅੱਜ ਸਵੇਰੇ 10:00 ਵਜੇ ਮਕੌੜਾ ਪੱਤਣ ਕੋਲ ਰਾਵੀ ਰਦਿਆ ਵਿੱਚ ਆਣ ਮਿਲੇਗਾ ਅਤੇ ਕਰੀਬ ਦੁਪਹਿਰ 12:00 ਧਰਮਕੋਟ ਪੱਤਣ, ਘੋਨੇਵਾਲ (ਡੇਰਾ ਬਾਬਾ ਨਾਨਕ) ਤੱਕ ਪਹੁੰਚ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦਰਿਆ ਉੱਜ ਅਤੇ ਰਾਵੀ ਦੇ ਨੇੜੇ ਰਹਿੰਦੀ ਵਸੋਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਉਹ ਉੱਜ ਤੇ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਤ ਖੇਤਰਾਂ ਤੋਂ ਘੱਟੋ-ਘੱਟ 200 ਮੀਟਰ ਦੂਰ ਰਹਿਣ ਅਤੇ ਨਾਲ ਹੀ ਆਪਣੇ ਜਾਨਵਰਾਂ ਆਦਿ ਨੂੰ ਸੁਰੱਖਿਅਤ ਥਾਵਾਂ `ਤੇ ਲੈ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਵਰਗੀ ਸਥਿਤੀ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਟੋਲ ਫਰੀ ਨੰਬਰ 1800-180-1852 ਜਾਂ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਉੱਪਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।