ਪੰਜਾਬ ਸਰਕਾਰ ਨੇ ਗੰਨੇ ਦੀ ਪੇਮੈਂਟ ਜਾਰੀ ਕਰਕੇ ਕਿਸਾਨ ਹਿਤੂ ਹੋਣ ਦਾ ਸਬੂਤ ਦਿੱਤਾ – ਐਡਵੋਕੇਟ ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ, 7 ਜੁਲਾਈ 2023 (ਦੀ ਪੰਜਾਬ ਵਾਇਰ )। ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਖਰੀਦੇ ਗੰਨੇ ਦੀ ਅਦਾਇਗੀ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਰਾਸ਼ੀ ਵਿੱਚੋ 6.88 ਕਰੋੜ ਰੁਪਏ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਹਿੱਸੇ ਆਏ ਹਨ ਅਤੇ ਮਿੱਲ ਨੇ ਮਿਤੀ 1 ਅਪ੍ਰੈਲ 2023 ਤੱਕ ਖਰੀਦੇ ਸਾਰੇ ਗੰਨੇ ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਹੈ।
ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ ’ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਵਜ਼ੀਰ-ਏ-ਖ਼ਜ਼ਾਨਾਂ ਸ. ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਪਹਿਲਕਦਮੀ ਕਰਕੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਕਿਸਾਨ ਹਿੱਤੂ ਹੋਣ ਦਾ ਸਬੂਤ ਦਿੱਤਾ ਹੈ। ਚੇਅਰਮੈਨ ਸੇਖਵਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖ਼ਰੀਦ ਅਤੇ ਪੇਮੈਂਟ ਸਬੰਧੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਫਸਲਾਂ ਦੀ ਖ਼ਰੀਦ ਅਤੇ ਅਦਾਇਗੀ ਸਮੇਂ ਸਿਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ ਅਤੇ ਬਿਜਲੀ ਦੀ ਕਿਲਤ ਵੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਕਾਦੀਆਂ ਦੇ ਉੱਘੇ ਗੰਨਾ ਕਾਸ਼ਤਕਾਰ ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਮਹਾਂਬੀਰ ਸਿੰਘ ਆਲੋਵਾਲ, ਗੁਰਦੇਵ ਸਿੰਘ, ਆਲੋਵਾਲ ਸਿੰਘ, ਜਗਜੀਤ ਸਿੰਘ ਬੱਲ, ਸਿਮਰਨਜੀਤ ਸਿੰਘ ਸਾਹਬੀ ਬਰੋਏ, ਭੁਪਿੰਦਰ ਸਿੰਘ ਜੋਗੇਵਾਲ ਜੱਟਾਂ, ਸੂਬਾ ਸਿੰਘ ਸੰਘਰ, ਅਮਰਜੀਤ ਸਿੰਘ ਮੱਲੀਆਂ ਫਕੀਰਾਂ, ਸੁਖਦੇਵ ਸਿੰਘ ਠੱਕਰ ਸੰਧੂ, ਅਮਨਪਾਲ ਸਿੰਘ ਠੱਕਰ ਸੰਧੂ, ਰਾਮ ਸਿੰਘ ਡੇਹਰੀਵਾਲ, ਦਿਆਲ ਸਿੰਘ ਡੇਹਰੀਵਾਲ, ਧਰਮ ਸਿੰਘ ਦੋਧੀ ਡੇਹਰੀਵਾਲ, ਗੁਰਮੀਤ ਸਿੰਘ ਡੇਹਰੀਵਾਲ, ਚੈਨ ਸਿੰਘ ਡੇਹਰੀਵਾਲ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।