ਸ਼ਹਿਰ ਵਿੱਚੋਂ ਜਾਮ ਦੀ ਸਮੱਸਿਆ ਨੂੰ ਖਤਮ ਕਰਨ ਲਈ ਸ਼ਹਿਰ ਦੇ ਚੌਕਾਂ ਦਾ ਡੀਐਸਪੀ ਟ੍ਰੈਫਿਕ ਵੱਲੋਂ ਮੁਆਇਨਾ
ਗੁਰਦਾਸਪੁਰ, 30 ਜੂਨ 2023 (ਦੀ ਪੰਜਾਬ ਵਾਇਰ)। ਸ਼ਹਿਰ ਵਿੱਚੋਂ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਅੱਜ ਡੀਐਸਪੀ ਟਰੈਫਿਕ ਓਂਕਾਰ ਸਿੰਘ ਅਤੇ ਟਰੈਫਿਕ ਇੰਚਾਰਜ ਅਜੇ ਸ਼ਰਮਾ ਦੀ ਅਗਵਾਈ ਵਿੱਚ ਟੀਮ ਨੇ ਸ਼ਹਿਰ ਦੇ ਵਿਅਸਤ ਚੌਕਾਂ ਦਾ ਮੁਆਇਨਾ ਕੀਤਾ। ਗੌਰਤਲਬ ਹੈ ਕਿ ਕੱਲ ਤੋਂ ਸ਼ਹਿਰ ਦੀਆਂ ਸਾਰੀਆ ਰੇਹੜੀਆਂ ਮੇਹਰ ਚੰਦ ਰੋਡ ’ਤੇ ਸਥਿਤ ਢਾਬ ਨੇੜੇ ਰੇਹੜੀ ਮਾਰਕਿਟ ਵਿੱਚ ਸ਼ਿਫਟ ਹੋਣ ਜਾ ਰਹੀਆ ਹਨ। ਸ਼ਹਿਰ ਦੇ ਜ਼ਿਆਦਾਤਰ ਵਿਅਸਤ ਚੌਂਕ ਖਾਲੀ ਹੋਣ ਵਾਲੇ ਹਨ ਪਰ ਇਸ ਦੇ ਬਾਵਜੂਦ ਜੇਕਰ ਕੋਈ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਪਹਿਲਾਂ ਹੀ ਸਰਵੇ ਕਰਵਾ ਰਿਹਾ ਹੈ।
ਡੀਐਸਪੀ ਟਰੈਫਿਕ ਓਂਕਾਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਵਿਅਸਤ ਚੌਂਕ ਦਾ ਨਿਰੀਖਣ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਜਾਮ ਦੀ ਸਥਿਤੀ ਪੈਦਾ ਨਾ ਹੋਵੇ। ਇਸ ਲਈ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸਹੀ ਢੰਗ ਨਾਲ ਪਾਰਕ ਕਰਨ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।