Close

Recent Posts

ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਬਣਾਈ ਜਾ ਰਹੀ ਨਵੀਂ ਰੇਹੜੀ ਮਾਰਕਿਟ ਵਿੱਚ ਸਫ਼ਾਈ ਵਿਵਸਥਾ ਦਰੁਸਤ ਕਰਨ ਦੀਆਂ ਹਦਾਇਤਾਂ

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਬਣਾਈ ਜਾ ਰਹੀ ਨਵੀਂ ਰੇਹੜੀ ਮਾਰਕਿਟ ਵਿੱਚ ਸਫ਼ਾਈ ਵਿਵਸਥਾ ਦਰੁਸਤ ਕਰਨ ਦੀਆਂ ਹਦਾਇਤਾਂ
  • PublishedJune 28, 2023

30 ਜੂਨ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਪੁਰਾਣੀ ਢਾਬ ਵਿਖੇ ਲੱਗਣਗੀਆਂ

ਰੇਹੜੀ ਮਾਲਕ ਨਵੀਂ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਨਾਲ ਤੁਰੰਤ ਸੰਪਰਕ ਕਰਨ

ਗੁਰਦਾਸਪੁਰ, 28 ਜੂਨ 2023 (ਦੀ ਪੰਜਾਬ ਵਾਇਰ )। ਗੁਰਦਾਸਪੁਰ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਅਤੇ ਆਮ ਜਨਤਾ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਗਈ ਹੈ, ਜਿਥੇ ਸਾਰੀਆਂ ਫ਼ਲਾਂ ਤੇ ਸਬਜ਼ੀਆਂ ਵਾਲੀਆਂ ਰੇਹੜੀਆਂ ਲੱਗਣਗੀਆਂ। ਅਜਿਹਾ ਹੋਣ ਨਾਲ ਗੁਰਦਾਸਪੁਰ ਸ਼ਹਿਰ ਦੇ ਬਾਕੀ ਭਾਗਾਂ, ਬਜ਼ਾਰਾਂ ਵਿੱਚੋਂ ਰੇਹੜੀਆਂ ਖਤਮ ਹੋਣ ਨਾਲ ਰਾਹਗੀਰਾਂ ਨੂੰ ਟਰੈਫਿਕ ਦੀ ਕੋਈ ਸਮੱਸਿਆ ਨਹੀਂ ਆਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿਹਾ ਕਿ 1 ਜੁਲਾਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਰੇਹੜੀ ਮਾਰਕਿਟ ਵਿਖੇ ਸਫ਼ਾਈ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਸਮਾਂ ਰਹਿੰਦੇ ਪ੍ਰਬੰਧ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਗੁਰਦਾਸਪੁਰ ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਨਿਰਧਾਰਤ ਥਾਂ ’ਤੇ ਸ਼ਿਫ਼ਟ ਕੀਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਸੜਕਾਂ ਕਿਨਾਰੇ ਅਤੇ ਬਜ਼ਾਰਾਂ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗਣ ਕਾਰਨ ਰਾਹਗੀਰਾਂ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਵਿੱਚ ਕਈ ਸੜਕ ਦੁਰਘਟਨਾਵਾਂ ਵੀ ਵਾਪਰੀਆਂ ਹਨ। ਉਨਾਂ ਕਿਹਾ ਕਿ ਲੋਕਾਂ ਦੀ ਮੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਲਈ ਖਾਸ ਥਾਂ ਨਿਰਧਾਰਤ ਕਰ ਦਿੱਤੀ ਗਈ ਹੈ ਜਿਥੇ ਨਗਰ ਕੌਂਸਲ ਵੱਲੋਂ ਸਾਰੀਆਂ ਰੇਹੜੀਆਂ ਨੂੰ ਥਾਂ ਅਲਾਟ ਕਰ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜਿਹਾ ਹੋਣ ਨਾਲ ਰੇਹੜੀ ਮਾਰਕਿਟ ਇੱਕ ਤਰਾਂ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਮੰਡੀ ਬਣ ਜਾਵੇਗੀ ਅਤੇ ਭੀੜ ਵਾਲੇ ਬਜ਼ਾਰਾਂ ਤੋਂ ਹਟਵੀਂ ਹੋਣ ਕਾਰਨ ਗ੍ਰਾਹਕ ਵੀ ਓਥੇ ਅਸਾਨੀ ਨਾਲ ਪਹੁੰਚ ਸਕਣਗੇ, ਜਿਸ ਨਾਲ ਰੇਹੜੀ ਵਾਲਿਆਂ ਦੀ ਅਮਾਦਨ ਵੀ ਵਧੇਗੀ। ਉਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਓਥੇ ਸਫ਼ਾਈ ਵਿਵਸਥਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਸਮੂਹ ਰੇਹੜੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਕੌਂਸਲ ਗੁਰਦਾਸਪੁਰ ਨਾਲ ਸੰਪਰਕ ਕਰਕੇ ਸ਼ਿਵਾ ਰਿਜ਼ਾਰਟ ਦੇ ਸਾਹਮਣੇ ਪੁਰਾਣੀ ਢਾਬ ਦੇ ਇਲਾਕੇ ਵਿੱਚ ਰੇਹੜੀ ਮਾਰਕਿਟ ਵਿੱਚ ਆਪਣੀ ਥਾਂ ਬੁੱਕ ਕਰਵਾ ਲੈਣ। ਉਨਾਂ ਕਿਹਾ ਕਿ 30 ਜੂਨ ਤੋਂ ਬਾਅਦ ਸ਼ਹਿਰ ਵਿੱਚ ਸਿਰਫ਼ ਨਿਰਧਾਰਤ ਕੀਤੇ ਗਏ ਥਾਂ ਤੋਂ ਬਾਹਰ ਕਿਤੇ ਕੋਈ ਰੇਹੜੀ ਨਹੀਂ ਲਗਾਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 1 ਜੁਲਾਈ ਤੋਂ ਨਵੀਂ ਥਾਂ ਸ਼ਿਫ਼ਟ ਹੋ ਰਹੀਆਂ ਰੇਹੜੀਆਂ ਤੋਂ ਹੀ ਸਬਜ਼ੀ ਅਤੇ ਫ਼ਲਾਂ ਦੀ ਖਰੀਦ ਕਰਨ।

Written By
The Punjab Wire