ਅੰਡਰ 19 ਸਾਲ ਉਮਰ ਵਰਗ ਲਿਆ ਸੀ ਖਿਡਾਰੀਆਂ ਨੇ ਭਾਗ
ਗੁਰਦਾਸਪੁਰ 28 ਜੂਨ 2023 ( ਦੀ ਪੰਜਾਬ ਵਾਇਰ)। ਨੈਸ਼ਨਲ ਸਕੂਲਜ ਗੇਮਜ ਫੈਡਰੇਸ਼ਨ ਵੱਲੋਂ ਪਿਛਲੇ ਦਿਨੀਂ ਦਿੱਲੀ, ਭੁਪਾਲ, ਗਵਾਲੀਅਰ ਵਿਖੇ ਆਯੋਜਿਤ ਕੀਤੀਆਂ 66 ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਸਕੈਂਡਰੀ ਸਿਖਿਆ ਗੁਰਦਾਸਪੁਰ ਵਿਖੇ ਸਾਦਾ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਸਰਦਾਰ ਅਮਰਜੀਤ ਸਿੰਘ ਭਾਟੀਆ ਵਲੋਂ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਸਕੂਲ ਦੇ ਮੁੱਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਸਖ਼ਤ ਮਿਹਨਤ ਨਾਲ ਮੈਡਲ ਜਿੱਤਕੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਜ਼ਿਲ੍ਹਾ ਸਕੂਲ ਖੇਡ ਕੋਆਰਡੀਨੇਟਰ ਮੈਡਮ ਅਨੀਤਾ ਕੁਮਾਰੀ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਨੇ ਗੋਲਡ ਮੈਡਲ,ਸਿਲਵਰ ਮੈਡਲ ਜਿੱਤਕੇ ਪੰਜਾਬ ਦਾ ਮਾਣ ਵਧਾਇਆ ਹੈ। ਗੋਲਡਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਮਾਨਵ ਸ਼ਰਮਾ ਨੇ +90 ਕਿਲੋ ਭਾਰ ਵਰਗ ਵਿੱਚ ਭੁਪਾਲ ਵਿਖੇ ਸਿਲਵਰ ਮੈਡਲ ਜਿੱਤਿਆ ਹੈ ਅਤੇ ਪੰਜਾਬ ਲਈ ਸੈਕਿੰਡ ਰਨਰਜ ਅੱਪ ਟਰਾਫੀ ਹਾਸਲ ਕੀਤੀ ਹੈ। ਵੁੱਡ ਸਟਾਕ ਪਬਲਿਕ ਸਕੂਲ ਬਟਾਲਾ ਦੀ ਹਰਲੀਨ ਕੌਰ ਨੇ ਵੀ ਜੂਡੋ ਵਿੱਚ ਗੋਲਡ ਮੈਡਲ ਜਿੱਤਕੇ ਪੰਜਾਬ ਦੀ ਤਮਗਾ ਸੂਚੀ ਵਿਚ ਵਾਧਾ ਕੀਤਾ ਹੈ।ਇਸੇ ਤਰ੍ਹਾਂ ਚੌਧਰੀ ਜੈ ਮੁਨੀ ਕੰਨਿਆਂ ਸਕੂਲ ਦੀ ਕੁਮਾਰੀ ਰੋਸ਼ਨੀ ਵਲੋਂ ਦਿੱਲੀ ਵਿਖੇ ਸਿਲਵਰ ਮੈਡਲ ਜਿੱਤਿਆ ਹੈ। ਸ੍ਰੀ ਮਤੀ ਧੰਨ ਦੇਵੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਾਂਸ਼ੀ ਨੇ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਇਹਨਾਂ ਖਿਡਾਰੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਅਧਿਆਪਕਾਂ ਵਿਚ ਸੀਨੀਅਰ ਜੂਡੋ ਕੋਚ ਅਮਰਜੀਤ ਸ਼ਾਸਤਰੀ, ਜੂਡੋ ਟੀਮ ਕੋਚ ਰਵੀ ਕੁਮਾਰ ਖੇਡ ਵਿਭਾਗ ਪੰਜਾਬ ਅਤੇ ਬਾਸਕਟਬਾਲ ਦੇ ਮਿਹਨਤੀ ਸਰੀਰਕ ਸਿੱਖਿਆ ਅਧਿਆਪਕ ਹਰਦੀਪ ਸਿੰਘ ਨੂੰ ਜ਼ਿਲਾ ਸਕੂਲਾਂ ਟੂਰਨਾਮੈਂਟ ਕਮੇਟੀ ਦੇ ਮੈਂਬਰ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਲਖਵਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੁਰਿੰਦਰ ਕੁਮਾਰ,ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਬਾਜਵਾ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਰਜਿੰਦਰ ਕੁਮਾਰ ਕਾਲਾ ਨੰਗਲ, ਸਾਬਕਾ ਡੀ ਐਮ ਇਕਬਾਲ ਸਿੰਘ ਸਮਰਾ ਅਤੇ ਸੰਜੀਵ ਕੁਮਾਰ ਬਲਾਕ ਖੇਡ ਅਫ਼ਸਰ ਨੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਮਿਹਨਤੀ ਕੋਚਾਂ ਸਦਕਾ ਵਿਭਾਗ ਦਾ ਨਾਮ ਉੱਚਾ ਹੁੰਦਾ ਹੈ। ਸਿੱਖਿਆ ਵਿਭਾਗ ਨੂੰ ਆਪਣੇ ਮਿਹਨਤੀ ਅਧਿਆਪਕਾਂ ਤੇ ਮਾਣ ਹੈ।