ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ ਕੀਤੀ ਨਾਕਾਮ ; ਚਾਰ ਪਿਸਤੌਲ ਬਰਾਮਦ

ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ ਕੀਤੀ ਨਾਕਾਮ ; ਚਾਰ ਪਿਸਤੌਲ ਬਰਾਮਦ
  • PublishedJune 22, 2023

ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਕਾਬੂ ਕੀਤਾ ਗਿਆ ਇਹ ਤੀਜਾ ਹਥਿਆਰ ਤਸਕਰੀ ਮਾਡਿਊਲ

ਚੰਡੀਗੜ/ਅੰਮਿ੍ਰਤਸਰ, 22 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਅੰਮਿ੍ਰਤਸਰ ਵਿੱਚ ਪੈਂਦੇ ਲੋਪੋਕੇ ਦੇ ਪਿੰਡ ਕੱਕੜ ਦੇ ਇਲਾਕੇ ਚੋਂ ਚਾਰ .30 ਬੋਰ ਦੇ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤੀ ਹੈ।

ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੇ ਏ.ਆਈ.ਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਤਸਕਰੀ ਸਬੰਧੀ ਮਿਲੀ ਖ਼ੁਫ਼ੀਆ ਇਤਲਾਹ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀ ਟੀਮ ਨੇ ਪਿੰਡ ਕੱਕੜ ਦੇ ਇਲਾਕੇ ‘ਚ ਸਰਚ ਅਪ੍ਰੇਸ਼ਨ ਚਲਾਇਆ ਅਤੇ ਸਫਲਤਾਪੂਰਵਕ ਚਾਰ ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ।

ਉਨਾਂ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਡਿਲੀਵਰ ਕੀਤੀ ਪ੍ਰਤੀਤ ਹੁੰਦੀ ਹੈ, ਪਰ ਬੀਐਸਐਫ ਅਤੇ ਸੂਬਾ ਪੁਲਿਸ ਦੀਆਂ ਮੁਸਤੈਦ ਗਤੀਵਿਧੀਆਂ ਕਾਰਨ ਖੇਪ ਪ੍ਰਾਪਤ ਕਰਨ ਵਾਲੀ ਧਿਰ ਖੇਪ ਹਾਸਲ ਨਹੀਂ ਕਰ ਸਕੀ। ਉਨਾਂ ਕਿਹਾ ਕਿ ਪੁਲਿਸ ਟੀਮਾਂ ਖੇਪ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਕਰਨ ਲਈ ਜਾਂਚ ਕਰ ਰਹੀਆਂ ਹਨ।

ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ 22-06-23 ਨੂੰ ਮੁਕੱਦਮਾ ਨੰਬਰ 18 ਦਰਜ ਕੀਤਾ ਗਿਆ ਹੈ।

ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਹਥਿਆਰ ਤਸਕਰੀ ਕਰਨ ਵਾਲੇ ਤੀਜੇ ਮਾਡਿਊਲ ਦਾ ਪਰਦਾਫ਼ਾਸ਼

ਜ਼ਿਕਰਯੋਗ ਹੈ ਕਿ ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਦਾ ਇਹ ਤੀਜਾ ਅਜਿਹਾ ਮਾਡਿਊਲ ਹੈ, ਜਿਸ ਨਾਲ ਗ਼ੋਲੀ-ਸਿੱਕਾ ਸਮੇਤ ਕੁੱਲ 11 ਪਿਸਤੌਲਾਂ ਦੀ ਬਰਾਮਦਗੀ ਹੋਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਸੀ.ਆਈ.ਅੰਮਿ੍ਰਤਸਰ ਨੇ ਰਜਿੰਦਰ ਕੁਮਾਰ ਉਰਫ ਘੁੱਦੀ, ਜਗਜੀਤ ਸਿੰਘ, ਇੰਦਰਜੀਤ ਸਿੰਘ ਉਰਫ ਮੱਲੀ ਅਤੇ ਜਸ਼ਨਦੀਪ ਸਿੰਘ ਉਰਫ ਬੂਰਾ, ਸਾਰੇ ਵਾਸੀ ਅੰਮਿ੍ਰਤਸਰ, ਨੂੰ ਕਾਬੂ ਕਰਕੇ ਉਨਾਂ ਕੋਲੋਂ ਚਾਰ ਪਿਸਤੌਲਾਂ ਬਰਾਮਦ ਕੀਤੀਆਂ ਸਨ। ਇਸੇ ਤਰਾਂ 19 ਜੂਨ ਨੂੰ ਇੱਕ ਹੋਰ ਵਿਅਕਤੀ ਜਿਸ ਦੀ ਪਛਾਣ ਰਾਜਨ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ, ਨੂੰ ਤਿੰਨ .32 ਬੋਰ ਦੀਆਂ ਪਿਸਤੌਲਾਂ ਅਤੇ ਅਸਲੇ ਸਣੇ ਕਾਬੂ ਕੀਤਾ ਗਿਆ ਸੀ।

Written By
The Punjab Wire