ਹੁਣ 16 ਜੂਨ ਨੂੰ ਕਾਦੀਆਂ ਅਤੇ 23 ਜੂਨ ਨੂੰ ਬਟਾਲਾ ਵਿਖੇ ਲੱਗਣਗੇ ਅਬਾਦ ਕੈਂਪ
ਗੁਰਦਾਸਪੁਰ, 14 ਜੂਨ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਅਤੇ ਕਾਦੀਆਂ ਵਿਖੇ ਲਗਾਏ ਜਾਣ ਵਾਲੇ ਅਬਾਦ ਕੈਂਪਾਂ ਦੀਆਂ ਤਰੀਕਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਨਵੀਆਂ ਤਰੀਕਾਂ ਅਨੁਸਾਰ ਹੁਣ 16 ਜੂਨ ਨੂੰ ਕਲਾਸਵਾਲਾ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਲੱਗੇਗਾ ਜਦਕਿ 23 ਜੂਨ ਨੂੰ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਇਹ ਕੈਂਪ ਲਗਾਇਆ ਜਾਵੇਗਾ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਪੰਜਾਬ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਰੂਰਲ ਏਰੀਆ ਅਤੇ ਬਾਰਡਰ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕੰਮ, ਮਨਰੇਗਾ ਨਾਲ ਸਬੰਧਤ ਕੰਮ, ਵਾਟਰ ਸਪਲਾਈ ਅਤੇ ਜਲ ਸਪਲਾਈ ਵਿਭਾਗ ਨਾਲ ਸਬੰਧਤ ਕੰਮ, ਅਧਾਰ ਕਾਰਡ ਸੁਵਿਧਾ ਤੋਂ ਇਲਾਵਾ ਮਿਲਟਰੀ, ਪੈਰਾ ਮਿਲਟਰੀ, ਪੁਲਿਸ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼ ਆਦਿ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਨੌਜਵਾਨਾਂ ਨੂੰ ਇਨ੍ਹਾਂ ਸੁਰੱਖਿਆ ਫ਼ੋਰਸਾਂ ਵਿੱਚ ਭਰਤੀ ਹੋਣ ਲਈ ਪ੍ਰੇਰਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਸ਼ਹਿਰਾਂ ਦੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਜਾਵੇਗਾ। ਉਨ੍ਹਾਂ ਕਾਦੀਆਂ ਅਤੇ ਬਟਾਲਾ ਦੇ ਵਸਨੀਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।