ਪੰਜਾਬ ਮੁੱਖ ਖ਼ਬਰ

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਗਿਆਰਾਂ ਮਹੀਨੇ: ਪੰਜਾਬ ਪੁਲਿਸ ਨੇ 2132 ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 1135.25 ਕਿਲੋ ਹੈਰੋਇਨ ਬਰਾਮਦ

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ ਗਿਆਰਾਂ ਮਹੀਨੇ: ਪੰਜਾਬ ਪੁਲਿਸ ਨੇ 2132 ਵੱਡੀਆਂ ਮੱਛੀਆਂ ਸਣੇ 14952 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ; 1135.25 ਕਿਲੋ ਹੈਰੋਇਨ ਬਰਾਮਦ
  • PublishedJune 12, 2023

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ੁਰੂ ਹੋਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ 11147 ਐਫਆਈਆਰਜ਼ ਦਰਜ

ਪੁਲਿਸ ਟੀਮਾਂ ਨੇ 5 ਜੁਲਾਈ 2022 ਤੋਂ ਹੁਣ ਤੱਕ 11.83 ਕਰੋੜ ਰੁਪਏ ਦੀ ਡਰੱਗ ਮਨੀ , 731 ਕਿਲੋ ਅਫੀਮ, 840.76-ਕਿਲੋ ਗਾਂਜਾ, 350 ਕੁਇੰਟਲ ਭੁੱਕੀ ਅਤੇ 62.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੇ

ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੀ ਗਿਣਤੀ 906 ਤੱੱਕ ਅੱਪੜੀ

ਇੱਕ ਹਫ਼ਤੇ ਵਿੱਚ 308 ਨਸ਼ਾ ਤਸਕਰ/ਸਪਲਾਇਰ 33.73 ਕਿਲੋ ਹੈਰੋਇਨ, 16.12 ਕਿਲੋ ਗਾਂਜਾ, 13.90 ਕਿਲੋ ਅਫੀਮ, 10.48 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

ਚੰਡੀਗੜ੍ਹ, 12 ਜੂਨ 2023 (ਦੀ ਪੰਜਾਬ ਵਾਇਰ)। ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 2132 ਵੱਡੀਆਂ ਮੱਛੀਆਂ ਸਮੇਤ 14952 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 11147 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1313 ਕਮਰਸ਼ੀਅਲ ਕੁਆਂਟਿਟੀ ਨਾਲ ਸਬੰਧਤ ਹਨ।

ਪੁਲਿਸ ਹੈੱਡਕੁਆਰਟਰ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ, ਜੋ ਸੋਮਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਸੰਵੇਦਨਸ਼ੀਲ ਰੂਟਾਂ ’ਤੇ ਨਾਕੇ ਲਗਾਏ ਅਤੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਚਲਾ ਕੇੇ 987.75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ , ਜਿਸ ਨਾਲ ਸਿਰਫ 11 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 1135.25 ਕਿਲੋਗ੍ਰਾਮ ਹੋ ਗਈ ਹੈ।

ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 731 ਕਿਲੋ ਅਫੀਮ, 840.76 ਕਿਲੋ ਗਾਂਜਾ, 350.40 ਕੁਇੰਟਲ ਭੁੱਕੀ ਅਤੇ 62.49 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ 11 ਮਹੀਨਿਆਂ ਵਿੱਚ ਫੜੇ ਗਏ ਨਸ਼ਾ ਤਸਕਰਾਂ ਕੋਲੋਂ 11.83 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਇਸ ਦੌਰਾਨ ਹਫਤਾਵਾਰੀ ਜਾਣਕਾਰੀ ਦਿੰਦੇ ਹੋਏ, ਆਈਜੀਪੀ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਵਿੱਚ, ਪੁਲਿਸ ਨੇ 234 ਐਫਆਈਆਰਜ਼, ਜਿਨ੍ਹਾਂ ਵਿੱਚ 31 ਕਮਰਸ਼ੀਅਲ ਕੁਆਂਟਿਟੀ ਨਾਲ ਸਬੰਧਤ ਹਨ, ਦਰਜ ਕਰਕੇ 308 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 33.73-ਕਿਲੋਗ੍ਰਾਮ ਹੈਰੋਇਨ, 13.90-ਕਿਲੋ ਅਫੀਮ , 16.12 ਕਿਲੋ ਗਾਂਜਾ, 5.85 ਕੁਇੰਟਲ ਭੁੱਕੀ, 39004 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡਜ਼ ਦੀਆਂ ਸ਼ੀਸ਼ੀਆਂ ਤੋਂ ਇਲਾਵਾ 10.48 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ।

ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ 10 ਹੋਰ ਭਗੌੜੇ ਐਨਡੀਪੀਐਸ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ ਨਾਲ, 5 ਜੁਲਾਈ, 2022 ਨੂੰ ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਹੁਣ 906 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਮਾਮੂਲੀ ਮਾਤਰਾ ਵਿੱਚ ਵੀ ਨਸ਼ਾ ਬਰਾਮਦ ਹੋਇਆ ਹੋਵੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਉਨ੍ਹਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕਰਨ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਸਾਰੇ ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਨਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।

Written By
The Punjab Wire