ਪੰਜਾਬ ਮੁੱਖ ਖ਼ਬਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ: ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ: ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ
  • PublishedJune 10, 2023

ਚੰਡੀਗੜ੍ਹ, 10 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਸਾਬਕਾ ਕਾਰਜ ਸਾਧਕ ਅਫ਼ਸਰ (ਈਓ) ਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਦਦ ਕਰਨ ਦੇ ਦੋਸ਼ ਹੇਠ ਕਲੋਨਾਈਜ਼ਰ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ, ਜ਼ਿਲ੍ਹਾ ਮਾਨਸਾ ਵਿਖੇ 5 ਏਕੜ ਜ਼ਮੀਨ ਵਿੱਚ ਸਥਿਤ 25,000 ਮੀਟਰਕ ਟਨ ਦੀ ਸਮਰੱਥਾ ਵਾਲੇ ਓਪਨ ਪਲਿੰਥ (ਸਟੋਰੇਜ ਗੋਦਾਮ) ਨੂੰ ਖੇਤੀਬਾੜੀ ਵਾਲੀ ਜ਼ਮੀਨ ਵਜੋਂ ਵੇਚ ਕੇ ਗੈਰ-ਕਾਨੂੰਨੀ ਤੌਰ ‘ਤੇ ਪੈਸੇ ਕਮਾਉਣ ਵਿੱਚ ਗਿਰੀਸ਼ ਦੀ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦੀ ਰਜਿਸਟਰੀ ਘੱਟ ਕੀਮਤ ‘ਤੇ ਕਰਵਾਈ ਗਈ ਕਿਉਂਕਿ ਪਵਨ ਕੁਮਾਰ ਨਗਰ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਈ.ਓ. ਵਜੋਂ ਤਾਇਨਾਤ ਸੀ ਅਤੇ ਬਦਲੇ ਵਿਚ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਲਾਭ ਵੀ ਦਿੰਦਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਵਨ ਕੁਮਾਰ ਨਾਲ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੇ ਹੋਰ ਵੀ ਕਈ ਵਿੱਤੀ ਲੈਣ-ਦੇਣ ਹਨ। ਉਸਨੇ ਗਿਰੀਸ਼ ਵਰਮਾ ਦੇ ਨਜਾਇਜ਼ ਪੈਸੇ ਨਕਦ ਲੈ ਕੇ ਅਤੇ ਬੈਂਕ ਐਂਟਰੀਆਂ ਰਾਹੀਂ ਜਾਇਜ਼ ਬਣਾਉਣ ਵਿੱਚ ਵੀ ਮਦਦ ਕੀਤੀ।

ਉਨ੍ਹਾਂ ਦੱਸਿਆ ਕਿ ਗਿਰੀਸ਼ ਨੂੰ ਅਕਤੂਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਪਵਨ ਕੁਮਾਰ ਫਰਾਰ ਚੱਲ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹਾਲ ਹੀ ਵਿੱਚ, ਹਾਈ ਕੋਰਟ ਨੇ ਸਹਿ-ਦੋਸ਼ੀ ਗੌਰਵ ਗੁਪਤਾ ਵਾਸੀ ਕੁਰਾਲੀ (ਸਾਬਕਾ ਐਮਸੀ), ਸੰਜੀਵ ਕੁਮਾਰ ਵਾਸੀ ਖਰੜ, ਜੋ ਰੀਅਲ ਅਸਟੇਟ ਫਰਮ ਬਾਲਾਜੀ ਇਨਫਰਾ ਬਿਲਡਟੈਕ ਵਿੱਚ ਵਿਕਾਸ ਵਰਮਾ ਦੇ ਭਾਈਵਾਲ ਹਨ, ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਈਓ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਵੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਅਤੇ ਉਹ ਅਜੇ ਫਰਾਰ ਹੈ।

Written By
The Punjab Wire