ਗੁਰਦਾਸਪੁਰ

ਐੱਨ.ਡੀ.ਆਰ.ਐੱਫ ਨੇ ਕਾਹਨੂੰਵਾਨ ਵਿਖੇ ਆਮ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਣ ਦੀ ਸਿਖਲਾਈ ਦਿੱਤੀ

ਐੱਨ.ਡੀ.ਆਰ.ਐੱਫ ਨੇ ਕਾਹਨੂੰਵਾਨ ਵਿਖੇ ਆਮ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਣ ਦੀ ਸਿਖਲਾਈ ਦਿੱਤੀ
  • PublishedJune 7, 2023

ਗੁਰਦਾਸਪੁਰ, 7 ਜੂਨ 2023 ( ਦੀ ਪੰਜਾਬ ਵਾਇਰ ) । ਐੱਨ.ਡੀ.ਆਰ.ਐੱਫ ਦੀ 7 ਬਟਾਲੀਅਨ ਵੱਲੋਂ ਆਮ ਲੋਕਾਂ ਨੂੰ ਵੱਖ-ਵੱਖ ਆਫਤਾਂ ਨਾਲ ਨਜਿੱਠਣ ਦੀ ਸਿਖਲਾਈ ਦੇਣ ਲਈ ਅੱਜ ਕਾਹਨੂੰਵਾਨ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦੀ ਅਗਵਾਈ ਐੱਨ.ਡੀ.ਆਰ.ਐੱਫ ਦੇ ਸਬ ਇੰਸਪੈਕਟਰ ਰਜਿੰਦਰ ਸਿੰਘ ਵੱਲੋਂ ਕੀਤੀ ਗਈ।

ਜਾਗਰੂਕਤਾ ਕੈਂਪ ਦੌਰਾਨ ਐੱਨ.ਡੀ.ਆਰ.ਐੱਫ ਦੇ ਜਵਾਨਾਂ ਨੇ ਹਾਜ਼ਰੀਨ ਨੂੰ ਭੁਚਾਲ, ਅੱਗ, ਹੀਟ ਵੇਵ, ਬਲੱਡ ਕੰਟਰੋਲ ਤਕਨੀਕ, ਡਰੈੱਸਿੰਗ, ਐੱਫ.ਬੀ.ਏ.ਓ. ਅਤੇ ਮੁੱਢਲੀ ਸਹਾਇਤਾ ਦੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਪਰੈਕਟਲੀ ਜਾਣਕਾਰੀ ਦਿੱਤੀ। ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਫਸਟ ਏਡ ਦੀ ਜਾਣਕਾਰੀ ਹੋਣ ਦੇ ਨਾਲ ਆਫ਼ਤਾਂ ਤੋਂ ਬਚਣ ਦੀ ਮੁੱਢਲੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਹਾਸਲ ਵਿਅਕਤੀ ਕਿਸੇ ਵੀ ਆਫ਼ਤ ਵਿੱਚ ਜਿਥੇ ਆਪਣੇ-ਆਪ ਨੂੰ ਬਚਾ ਸਕਦਾ ਹੈ ਓਥੇ ਉਹ ਕਈ ਹੋਰ ਵੀ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਫ਼ਤ ਦੇ ਸਮੇਂ ਠਰੰਮੇ, ਸਬਰ ਅਤੇ ਸੂਝਬੂਝ ਤੋਂ ਕੰਮ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਜਾਗਰੂਕਤਾ ਕੈਂਪ ਵਿੱਚ ਕਾਹਨੂੰਵਾਨ ਦੇ ਵਸਨੀਕਾਂ ਨੂੰ ਵੱਖ-ਵੱਖ ਬਚਾਅ ਤਕਨੀਕਾਂ ਬਾਰੇ ਦੱਸਿਆ ਗਿਆ ਹੈ ਅਤੇ ਕੈਂਪ ਵਿੱਚ ਹਾਜ਼ਰ ਸਾਰੇ ਵਿਅਕਤੀਆਂ ਨੇ ਬੜੀ ਸੁਹਿਰਦਤਾ ਨਾਲ ਸਾਰੀਆਂ ਤਕਨੀਕਾਂ ਨੂੰ ਜਾਣਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ। ਇਸ ਮੌਕੇ ਐੱਨ.ਡੀ.ਆਰ.ਐੱਫ ਦੇ ਜਵਾਨਾਂ ਵੱਲੋਂ ਹਾਜ਼ਰੀਨ ਨੂੰ ਖੂਨਦਾਨ ਕਰਨ ਦਾ ਅਹਿਦ ਵੀ ਚੁਕਾਇਆ ਗਿਆ।   

Written By
The Punjab Wire