ਗੁਰਦਾਸਪੁਰ

ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤਹਿਤ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤਹਿਤ ਫੂਕਿਆ ਪੁਤਲਾ
  • PublishedJune 5, 2023

ਗੁਰਦਾਸਪੁਰ, 5 ਜੂਨ 2023 (ਦੀ ਪੰਜਾਬ ਵਾਇਰ)। ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤਹਿਤ ਤੇ ਕਿਰਤੀ ਕਿਸਾਨ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ, ਡੈਮੋਕ੍ਰੇਟਿਕ ਆਸਾ ਵਰਕਰਜ ਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ , ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਹਿਰਾਮਪੁਰ ਬੱਸ ਅੱਡਾ ਚੌਂਕ ਵਿਖੇ ਮਹਿਲਾ ਪਹਿਲਵਾਨਾਂ ਨਾਲ ਯੌਨ ਸ਼ੋਸ਼ਣ ਕਰਨ ਬਿਰਜ ਭੂਸ਼ਣ ਸ਼ਰਣ ਸਿੰਘ ਐਮ ਪੀ ਬੀ ਜੇ ਪੀ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਤਿਬੀਰ ਸਿੰਘ ਸੁਲਤਾਨੀ, ਰਾਜ ਕੁਮਾਰ ਪੰਡੋਰੀ, ਸੁਖਦੇਵ ਬਹਿਰਾਮਪੁਰ, ਗੁਰਵਿੰਦਰ ਕੌਰ ਬਹਿਰਾਮਪੁਰ, ਬਲਵਿੰਦਰ ਕੌਰ ਰਾਵਲਪਿੰਡੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਲਗਾਤਾਰ ਬਚਾ ਰਹੀ ਹੈ।ਕੇਂਦਰ ਸਰਕਾਰ ਦੇ ਮੰਤਰੀ ਲਗਾਤਾਰ ਆਪਣੀ ਬਿਆਨਬਾਜ਼ੀ ਰਾਹੀਂ ਜਾਂਚ-ਪੜਤਾਲ ਦਾ ਹਵਾਲਾ ਦੇ ਰਹੇ ਹਨ, ਜਦਕਿ ਪੋਕਸੋ ਐਕਟ ਲੱਗੇ ਹੋਣ ‘ਤੇ ਦੋਸ਼ੀ ਦੀ ਗ੍ਰਿਫਤਾਰੀ ਲਾਜ਼ਮੀ ਹੁੰਦੀ ਹੈ।

ਪਹਿਲਵਾਨਾਂ ਦੇ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਦੀ ਸ਼ਾਜ਼ਿਸ਼ੀ ਚੁੱਪ ਦੋਸ਼ੀ ਦੇ ਹੌਂਸਲਿਆਂ ਨੂੰ ਬੁਲੰਦ ਕਰ ਰਹੀ ਹੈ, ਜਿਸ ਦਾ ਨਤੀਜਾ ਉਹ ਲਗਾਤਾਰ ਮੀਡੀਆ ਵਿੱਚ ਮੈਡਲ ਜਿੱਤਣ ਵਾਲੀਆਂ ਮਹਿਲਾ ਪਹਿਲਵਾਨਾਂ ਦੀ ਬੇਪੱਤੀ ਕਰ ਰਿਹਾ ਹੈ।ਗੋਦੀ ਮੀਡੀਆ ਲਗਾਤਾਰ ਮਹਿਲਾ ਭਲਵਾਨਾਂ ਨੂੰ ਬਦਨਾਮ ਕਰ ਰਿਹਾ ਹੈ।ਉਹਨਾਂ ਕਿਹਾ ਕਿ ਇਹ ਬਿਲਕੁਲ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਇਸ ਨੀਤੀ ਦਾ ਸ਼ਿਕਾਰ ਦਿੱਲੀ ਵਿੱਚ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਪਹਿਲਵਾਨ ਹਨ। ਬੁਲਾਰਿਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਵੱਲੋਂ ਇਸ ਸਾਰੇ ਮਾਮਲੇ ਵਿਚ ਧਾਰੀ ਚੁੱਪ ਨੂੰ ਲੋਕਤੰਤਰ ਲਈ ਖਤਰਨਾਕ ਦੱਸਦਿਆਂ ਲੋਕ ਏਕਤਾ ਤੇ ਜ਼ੋਰ ਦਿੱਤਾ। ਅੱਜ ਦੇ ਪ੍ਰੋਗਰਾਮ ਵਿੱਚ ਵੀਨਾ , ਰਾਸ਼ਟਰਪਤੀ, ਪਰਮਜੀਤ ਕੌਰ ਬਿਠਾਵਾਂ, ਤਰਲੋਕ ਸਿੰਘ ਬਹਿਰਾਮਪੁਰ , ਦਲਬੀਰ ਸਿੰਘ ਸ਼ਮਸ਼ੇਰ ਪੁਰ, ਮੁਖਤਿਆਰ ਸਿੰਘ ਮਲੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

Written By
The Punjab Wire