ਪੰਜਾਬ ਮੁੱਖ ਖ਼ਬਰ

ਕੈਬਿਨਟ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜ਼ਿਆਦਾਤਰ ਮੁਸਕਲਾਂ ਦਾ ਮੌਕੇ ਤੇ ਕੀਤਾ ਹੱਲ

ਕੈਬਿਨਟ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜ਼ਿਆਦਾਤਰ ਮੁਸਕਲਾਂ ਦਾ ਮੌਕੇ ਤੇ ਕੀਤਾ ਹੱਲ
  • PublishedJune 3, 2023

ਕਿਹਾ, ਖਰੜ ਸਹਿਰ ਵਿੱਚ ਜਲਦੀ ਲਗਣਗੇ 5 ਸੀਵਰੇਜ ਟਰੀਟਮੈਂਟ ਪਲਾਂਟ

ਚੰਡੀਗੜ੍ਹ, ਜੂਨ 3 (ਦੀ ਪੰਜਾਬ ਵਾਇਰ)। ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਨੀਵਾਰ ਨੂੰ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜ਼ਿਆਦਾਤਰ ਮੁਸ਼ਕਲਾਂ ਨੂੰ ਮੌਕੇ ਤੇ ਹੀ ਹੱਲ ਕੀਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵੱਖੋਂ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।

ਮੰਤਰੀ ਵੱਲੋਂ ਖਰੜ ਸ਼ਹਿਰ ਵਿੱਚ ਤੇਜ਼ੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖਰੜ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਇਥੋਂ ਦਾ ਵਿਕਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੇਜ਼ੀ ਲਿਆਂਦੀ ਗਈ ਹੈ।

ਮੰਤਰੀ ਨੇ ਦੱਸਿਆ ਕਿ ਖਰੜ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਖਰੜ ਸ਼ਹਿਰ ਨੂੰ ਨਹਿਰੀ ਪਾਣੀ ਦੇਣ ਦਾ ਪ੍ਰੋਜੈਕਟ ਬੜੇ ਜ਼ੋਰਾਂ ਤੇ ਚਲ ਰਿਹਾ ਹੈ ਅਤੇ ਬਹੁਤ ਜਲਦੀ ਖਰੜ ਸਹਿਰ ਦੇ ਜੋਨ ਏ ਨੂੰ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ ।

ਉਨਾਂ ਕਿਹਾ ਕਿ ਖਰੜ ਸਹਿਰ ਵਿੱਚ 5 ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਵਿੱਚ 6 ਟਿਊਬਵੈਲ ਜੋ ਕਿ ਪਿੱਛਲੇ ਤਿੰਨ ਸਾਲਾਂ ਤੋ ਜਨਰੇਟਰ ਤੋ ਚਲ ਰਹੇ ਹਨ, ਇਨ੍ਹਾਂ ਟਿਊਬਵੈਲ ਲਈ ਬਿਜਲੀ ਦਾ ਕੂਨੈਕਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਉਨਾਂ ਦੱਸਿਆ ਸ਼ਹਿਰ ਲਈ ਹੋਰ 6 ਨਵੇਂ ਟਿਊਬਵੈਲ ਲਗਾਉਣ ਲਈ ਵੀ ਟੈਂਡਰ ਹੋ ਚੁੱਕੇ ਹਨ ਜਿਸ ਦੀ ਕਾਰਵਾਈ ਜਲਦੀ ਮੁਕੰਮਲ ਹੋ ਜਵੇਗੀ। ਖਰੜ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਓਵਰ ਬ੍ਰਿਜ ਨੂੰ ਸਜਾਇਆ ਜਾ ਰਿਹਾ ਹੈ। ਉਨਾਂ ਕਿਹਾ ਖਰੜ ਸ਼ਹਿਰ ਦੀ ਹਰਿਆਲੀ ਵਧਾਉਣ ਅਤੇ ਹੋਰ ਸੁੰਦਰ ਬਣਾਉਣ ਲਈ ਜੰਗਲਾਤ ਵਿਭਾਗ ਨੂੰ ਲਗਭਗ 20,000 ਫੁੱਲਦਾਰ ਪੌਦਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ।

ਅਨਮੋਲ ਗਗਨ ਮਾਨ ਨੇ ਖਰੜ ਦੇ ਵਿਕਾਸ ਵਿੱਚ ਲੋਕਾਂ ਨੂੰ ਵਧ ਚੜਕੇ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜਾਂ ’ਤੇ ਨਜ਼ਰ ਰੱਖਣ ਲਈ ਵੀ ਕਿਹਾ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਤਰੁੱਟੀ ਨਾ ਰਹੇ ਅਤੇ ਵਿਕਾਸ ਸਬੰਧੀ ਸਾਰੇ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਹੋ ਸਕਣ।

ਇਸ ਮੌਕੇ ਐਸ ਡੀ ਐਮ ਖਰੜ ਰਵਿੰਦਰ ਸਿੰਘ, ਸੀਵਰੇਜ ਬੋਰਡ ਦੇ ਐਕਸੀਅਨ ਪੰਕਜ ਸ਼ਰਮਾ, ਖਰੜ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਹਾਕਮ ਸਿੰਘ, ਐੱਮ ਸੀ ਰਾਮ ਸਰੂਪ ਸ਼ਰਮਾ, ਵਨੀਤ ਜੈਨ ਤੋਂ ਇਲਾਵਾ, ਲੇਬਰ ਕੋਆਰਡੀਨੇਟਰ ਰਘਬੀਰ ਸਿੰਘ, ਗੁਰਮੀਤ ਸਿੰਘ ਕਰਮਜੀਤ ਸਿੰਘ ਵਾਲੀਆਂ ਅਤੇ ਹੋਰ ਉਘੇ ਪਤਵੰਤੇ ਤੇ ਵਿਸ਼ੇਸ਼ ਤੌਰ ਤੇ ਹਾਜਰ ਸਨ।

Written By
The Punjab Wire