ਚਾਹਲ ਕਲਾਂ, ਬੂਰੇ ਨੰਗਲ, ਸੇਖਵਾਂ, ਰੰਗੜ ਨੰਗਲ, ਨੱਤ ਤੇ ਮਿਸ਼ਰਪੁਰਾ ਦੇ ਕਿਸਾਨਾਂ ਨੇ ਨੈਸ਼ਵਲ ਹਾਈਵੇ ਦੇ ਕੰਮ ਵਿੱੱਚ ਪੂਰਨ ਸਹਿਯੋਗ ਦਾ ਦਿਵਾਇਆ ਯਕੀਨ
ਕਿਹਾ- ਨੈਸ਼ਨਲ ਹਾਈਵੇ ਬਣਨ ਨਾਲ ਸਮੁੱਚੇ ਇਲਾਕੇ ਦਾ ਹੋਵੇਗਾ ਵਿਕਾਸ
ਨੈਸ਼ਨਲ ਹਾਈਵੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਹੋਈ ਮੀਟਿੰਗ
ਬਟਾਲਾ, 3 ਜੂਨ 2023 (ਦੀ ਪੰਜਾਬ ਵਾਇਰ) । ਬਿਆਸ, ਬਟਾਲਾ ਤੇ ਸ੍ਰੀ ਕਰਤਾਰੁਪਰ ਕੋਰੀਡੋਰ ਤੱਕ ਬਣ ਰਹੇ ਨੈਸ਼ਨਲ ਹਾਈਵੇ ਦੇ ਸਬੰਧ ਵਿੱਚ ਅੱਜ ਪਿੰਡ ਚਾਹਲ ਕਲਾਂ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨੈਸ਼ਨਲ ਹਾਈਵੈ ਨਾਲ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਵਲੋਂ ਨੈਸ਼ਨਲ ਹਾਈਵੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਯਕੀਨ ਦਿਵਾਇਆ ਗਿਆ ਕਿ ਨੈਸ਼ਨਲ ਹਾਈਵੇ ਦੇ ਕੰਮ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸਮੁੱਚੇ ਹਲਕੇ ਦਾ ਵਿਕਾਸ ਹੋਵੇਗਾ। ਇਸ ਮੌਕੇ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਟਾਲਾ, ਕਰਨਲ ਅਮਰਬੀਰ ਸਿੰਘ ਚਾਹਲ, ਬਿਕਰਮਜੀਤ ਸਿੰਘ ਸਰਪੰਚ ਚਾਹਲ ਕਲਾਂ, ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਇੰਚਾਰਜ ਸੁਕਾਂਤ ਕੁਮਾਰ ਸਮੇਤ ਪਿੰਡ ਚਾਹਲ ਕਲਾਂ, ਬੂਰੇ ਨੰਗਲ, ਸੇਖਵਾਂ, ਰੰਗੜ ਨੰਗਲ, ਨੱਤ ਤੇ ਮਿਸ਼ਰਪੁਰ ਦੇ ਕਿਸਾਨ ਹਾਜਰ ਸਨ।
ਇਸ ਮੌਕੇ ਕਿਸਾਨਾਂ ਨਾਲ ਗੱਲ ਕਰਦਿਆਂ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਿਪਤ ਬਿਆਸ, ਬਾਬਾ ਬਕਾਲਾ, ਬਟਾਲਾ ਤੇ ਸ੍ਰੀ ਕਰਤਾਰਪੁਰ ਕੋਰੀਡੋਰ (ਡੇਰਾ ਬਾਬਾ ਨਾਨਕ) ਤੱਕ ਨੈਸ਼ਨਲ ਹਾਈਵੇ ਵਲੋਂ ਸੜਕ ਨੂੰ ਚੋੜਿਆ ਕਰਕੇ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਹਾਈਵੈ ਵਿੱਚ ਚਾਹਲ ਕਲਾਂ, ਸੇਖਵਾਂ, ਰੰਗੜ ਨੰਗਲ, ਨੱਤ ਤੇ ਮਿਸ਼ਰਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੀ ਜਮੀਨ ਪੈਂਦੀ ਹੈ ਅਤੇ ਨੈਸ਼ਨਲ ਹਾਈਵੇ ਵਲੋਂ ਕਰੀਬ 80 ਫੀਸਦ ਜਮੀਨ ਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਬੀਤੇ ਦਿਨੀਂ ਕੁਝ ਕਿਸਾਨ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਸੀ ਅਤੇ ਇਸ ਸਬੰਧ ਵਿੱਚ ਕਿਸਾਨਾਂ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਯਕੀਨ ਦਿਵਾਇਆ ਗਿਆ ਕਿ ਉਹ ਨੈਸ਼ਨਲ ਹਾਈਵੇ ਦੇ ਕੰਮ ਕਰਨ ਵਿੱਚ ਪੂਰਨ ਸਹਿਯੋਗ ਕਰਨਗੇ। ਉਨਾਂ ਦੱਸਿਆ ਕਿ ਚਾਹਲ ਕਲਾਂ, ਸੇਖਵਾਂ, ਰੰਗੜ ਨੰਗਲ, ਨੱਤ ਤੇ ਮਿਸ਼ਰਪੁਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਆਪਣਾ ਕੰਮ ਸ਼ੁਰੂ ਕਰੇ।
ਇਸ ਮੌਕੇ ਪਿੰਡ ਚਾਹਲ ਕਲਾਂ ਦੇ ਕਰਨਲ ਅਮਰਬੀਰ ਸਿੰਘ ਚਾਹਲ ਨੇ ਕਿਹਾ ਕਿ ਨੈਸ਼ਨਲ ਹਾਈਵੇ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨਾਲ ਸਮੁੱਚੇ ਇਲਾਕੇ ਦਾ ਵਿਕਾਸ ਹੋਵੇਗਾ, ਨੈਸ਼ਨਲ ਹਾਈਵੇ ਬਣਨ ਨਾਲ ਨਵੇਂ ਕਾਰੋਬਾਰ ਸਥਾਪਤ ਹੋਣਗੇ ਅਤੇ ਰੋਜਗਾਰ ਦੇ ਵਸੀਲੇ ਵਧਣਗੇ। ਉਨਾਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸਾਨ ਉਨਾਂ ਦੇ ਨਾਲ ਹਨ। ਸਾਰੇ ਕਿਸਾਨ ਇਸ ਪ੍ਰੋਜੈਕਟ ਦੇ ਬਣਨ ਦੇ ਹੱਕ ਵਿੱਚ ਹਨ ਪਰ ਕੁਝ ਕਿਸਾਨਾਂ ਦੀ ਜ਼ਮੀਨ ਦੇ ਖਾਤੇ ਸਾਂਝੇ ਹੋਣ ਕਾਰਨ ਅਦਾਇਗੀ ਵਿੱਚ ਮੁਸ਼ਕਿਲ ਆ ਰਹੀ ਹੈ ਪਰ ਇਸ ਮੁਸ਼ਕਿਲ ਨੂੰ ਆਪਸੀ ਸਹਿਯੋਗ ਨਾਲ ਮਿਲ ਕੇ ਹੱਲ ਕਰ ਲਿਆ ਜਾਵੇਗਾ।
ਪਿੰਡ ਰੰਗੜ ਨੰਗਲ ਦੇ ਕਿਸਾਨ ਗੁਰਮੇਜ ਸਿੰਘ ਨੇ ਕਿਹਾ ਕਿ ਉਸਦਾ ਮਕਾਨ ਤੇ ਕੁਝ ਜ਼ਮੀਨ ਵੀ ਨੈਸ਼ਨਲ ਹਾਈਵੇ ਵਿੱਚ ਆਈ ਹੈ ਅਤੇ ਉਸਨੂੰ ਕਰੀਬ 4 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ ਅਤੇ ਕੁਝ ਅਦਾਇਗੀ ਪੈਂਡਿੰਗ ਹੈ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਸਾਰੇ ਹਲਕੇ ਲਈ ਬਹੁਤ ਲਾਹੇਵੰਦ ਹੈ ਅਤੇ ਕਿਸਾਨਾਂ ਨੂੰ ਜ਼ਮੀਨ ਦਾ ਵਾਜਬ ਰੇਟ ਮਿਲਿਆ ਹੈ ਅਤੇ ਉਹ ਨੈਸ਼ਨਲ ਹਾਈਵੇ ਨੂੰ ਪੂਰਾ ਸਹਿਯੋਗ ਕਰਨਗੇ। ਉਨਾਂ ਨਾਲ ਹੀ ਕਿਹਾ ਕਿ ਜੋ ਲੋਕ ਇਸ ਕੰਮ ਵਿੱਚ ਵਿਘਨ ਪਾ ਰਹੇ ਹਨ, ਉਨਾਂ ਦਾ ਇਸ ਪ੍ਰੋਜੈਕਟ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਅਤੇ ਉਹ ਦੂਜੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਕਿ ਜਿਨਾਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਹੈ ਉਹ ਨੈਸ਼ਨਲ ਹਾਈਵੇ ਜਾਂ ਰੈਵਨਿਊ ਅਧਿਕਾਰੀਆਂ ਨਾਲ ਮਿਲਕੇ ਆਪਣੀ ਮੁਸ਼ਕਿਲ ਹੱਲ ਕਰ ਸਕਦੇ ਹਨ ਪਰ ਨੈਸ਼ਨਲ ਹਾਈਵੇ ਦੇ ਕੰਮ ਨੂੰ ਨਹੀਂ ਰੋਕਣਾ ਚਾਹੀਦਾ ਹੈ।
ਇਸ ਮੌਕੇ ਜ਼ਿਆਦਾਤਰ ਕਿਸਾਨਾਂ ਨੇ ਦੱਸਿਆ ਕਿ ਉਨਾਂ ਦੀ ਜ਼ਮੀਨ ਦੇ ਖਾਤੇ ਸਾਂਝੇ ਹੋਣ ਕਾਰਨ ਅਦਾਇਗੀ ਦੀ ਸਮੱਸਿਆ ਆ ਰਹੀ ਹੈ। ਜਿਸ ਸਬੰਧੀ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਹ ਆਪਣੀ ਮੁਸ਼ਕਿਲ ਜ਼ਿਲ੍ਹਾ ਮਾਲ ਅਫਸਰ ਦੇ ਧਿਆਨ ਵਿੱਚ ਲਿਆਉਣ।
ਇਸ ਮੌਕੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਇੰਚਾਰਜ ਸੁਕਾਂਤ ਕੁਮਾਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਵਲੋਂ ਕਰੀਬ 80 ਫੀਸਦ ਜ਼ਮੀਨ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ ਅਤੇ ਰਹਿੰਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦੀ ਜ਼ਮੀਨ ਦੇ ਸਾਂਝਿਆਂ ਖਾਤਿਆਂ ਕਾਰਨ ਮੁਸ਼ਕਿਲ ਆ ਰਹੀ ਹੈ। ਉਨਾਂ ਕਿਹਾ ਕਿ ਜਿਥੇ ਕਿਸਾਨਾਂ ਨੂੰ ਅਦਾਇਗੀ ਹੋ ਚੁੱਕੀ ਹੈ, ਓਥੇ ਕੰਮ ਕਰਨ ਵਿੱਚ ਸਹਿਯੋਗ ਕੀਤਾ ਜਾਵੇ ਅਤੇ ਰਹਿੰਦੀ ਅਦਾਇਗੀ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨਾਂ ਅੱਜ ਦੀ ਮੀਟਿੰਗ ਲਈ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਅਜੀਤ ਸਿੰਘ ਸਰਪੰਚ ਅੰਮੋਨੰਗਲ, ਸੁਖਵਿੰਦਰ ਸਿੰਘ ਨੰਬਰਦਾਰ ਚਾਹਲ ਕਲਾਂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਕਰਮਬੀਰ ਸਿੰਘ ਮੈਂਬਰ ਪੰਚਾਇਤ ਚਾਹਲ ਕਲਾਂ, ਜਸਬੀਰ ਸਿੰਘ ਮੈਂਬਰ ਪੰਚਾਇਤ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਬਾਜਵਾ, ਜੋਗਿੰਦਰ ਸਿੰਘ, ਜਗਦੀਪ ਸਿੰਘ, ਮੰਗਲ ਸਿੰਘ ਮੈਂਬਰ ਪੰਚਾਇਤ, ਬਲਰਾਜ ਸਿੰਘ ਮੈਂਬਰ ਪੰਚਾਇਤ, ਹਰਭਗਵੰਤ ਸਿੰਘ, ਦਿਲਾਰ ਸਿੰਘ, ਗੁਰਬੀਰ ਸਿੰਘ, ਜਗਦੀਸ਼ ਸਿੰਘ ਤੇ ਸਰਬਜੀਤ ਸਿੰਘ ਆਦਿ ਮੋਜੂਦ ਸਨ।