ਗੁਰਦਾਸਪੁ, 3 ਜੂਨ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸ਼ਨਿਵਾਰ ਨੂੰ ਜ਼ਿਲ੍ਹੇ ਅੰਦਰ ਜਨਤਕ ਥਾਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ‘ਆਦਿ ਜਗ੍ਹਾ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਗੁਰਦਾਸਪੁਰ ਪੁਲਿਸ ਦੇ ਨਾਲ ਵਿਸ਼ੇਸ ਤੌਰ ਤੇ ਡਾਗ ਸਕੁਐਡ ਦੀ ਟੀਮ ਵੀ ਮੌਜੂਦ ਰਹੀ। ਇਸਦੇ ਨਾਲ ਹੀ ਬੀਤੇ ਦਿਨ੍ਹੀ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣ ਲਈ ਸੰਵੇਦਨਸ਼ੀਲ ਅਤੇ ਗੜਬੜੀ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਸਾਕਾ ਨੀਲਾ ਤਾਰਾ ਜਿਸ ਨੂੰ ਘੱਲੂਘਾਰਾ ਹਫਤੇ ਵਜੋਂ ਵੀ ਜਾਣਿਆ ਜਾਂਦਾ ਹੈ ਦੀ ਵਰੇਗੰਢ ਨੂੰ ਧਿਆਨ ਵਿੱਚ ਰੱਖਦੇ ਹੋਏ। ਪੰਜਾਬ ਪੁਲਿਸ ਨੇ ਇਸ ਹਫ਼ਤੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਮਨਾਏ ਜਾਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰਾਜ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਪੁਲਿਸ ਵੱਲੋਂ ਸਾਰੇ 28 ਪੁਲਿਸ ਜ਼ਿਲਿਆਂ ਵਿੱਚ 192 ਸੰਵੇਦਨਸ਼ੀਲ ਖੇਤਰਾਂ ਨੂੰ ਕਵਰ ਕਰਦੇ ਹੋਏ 110 ਫਲੈਗ ਮਾਰਚ ਕੱਢੇ ਗਏ।
ਉਧਰ ਇਸ ਸਬੰਧੀ ਐਸਐਸਪੀ ਗੁਰਦਾਸਪੁਰ ਹਰੀਸ਼ ਦਿਯਾਮਾ ਨੇ ਦੱਸਿਆ ਕਿ ਗੁਰਦਾਸਪੁਰ ਇੱਕ ਸਰਹੱਦੀ ਇਲਾਕਾ ਹੈ, ਆਉਣ ਵਾਲੇ ਕੁਝ ਦਿਨ੍ਹਾਂ ਵਿੱਚ ਪੰਜਾਬ ਦੇ ਗਵਰਨਰ ਦੀ ਫੇਰੀ ਹੈ ਅਤੇ ਇਸ ਦੇ ਨਾਲ ਹੀ ਸਾਕਾ ਨੀਲਾ ਤਾਰਾ ਦੀ ਵਰੇਗੰਢ ਹੈ। ਜਿਸ ਦੇ ਚਲਦਿਆ ਗੁਰਦਾਸਪੁਰ ਪੁਲਿਸ ਵੱਲੋਂ ਆਮ ਲੋਕਾਂ ਵਿੱਚ ਵਿਸ਼ਵਾਸ, ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਅਤੇ ਅਸਮਾਜਿਕ ਤੱਤਾ ਤੇ ਨਕੇਲ ਕੱਸਣ ਲਈ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਐਸਐਸਪੀ ਦਿਯਾਮਾ ਨੇ ਦੱਸਿਆ ਕਿ ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਡ ਅਤੇ ਗੜਬੜੀ ਵਾਲੇ ਇਲਾਕੀਆਂ ਦੀ ਚੈਕਿੰਗ ਕੀਤੀ ਗਈ ਹੈ। ਗੁਰਦਾਸਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਵੱਖ ਵੱਖ ਥਾਵਾਂ ਤੇ ਰਾਤ ਨੂੰ ਵੀ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਆਮ ਦੀ ਸੁਰੱਖਿਆ ਲਈ ਪਾਬੰਦ ਹੈ।