ਹਰਿਦੁਆਰ, 30 ਮਈ 2023 (ਦੀ ਪੰਜਾਬ ਵਇਰ)। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਹਰਿ ਕੀ ਪੌੜੀ ਵਿਖੇ ਆਪਣੇ ਤਗਮੇ ਗੰਗਾ ਵਿੱਚ ਸੁੱਟਣ ਦਾ ਫੈਸਲਾ ਬਦਲ ਲਿਆ ਹੈ। ਪਹਿਲਵਾਨ ਆਪਣੇ ਤਗਮੇ ਦਿਖਾਉਣ ਹਰਿਦੁਆਰ ਪੁੱਜੇ ਹੋਏ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂ ਨਰੇਸ਼ ਟਿਕੈਤ ਉਥੇ ਪਹੁੰਚ ਗਏ।
ਉਸ ਨੇ ਪਹਿਲਵਾਨਾਂ ਨਾਲ ਗੱਲ ਕਰਨ ਲਈ 5 ਦਿਨ ਲਏ ਹਨ। ਟਿਕੈਤ ਨੇ ਉਸ ਤੋਂ ਮੈਡਲ ਅਤੇ ਮੋਮੈਂਟੋ ਦਾ ਬੰਡਲ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਦੇਣਗੇ। ਸਾਰੇ ਖਿਡਾਰੀ ਹਰਿਦੁਆਰ ਤੋਂ ਘਰ ਲਈ ਰਵਾਨਾ ਹੋ ਗਏ ਹਨ। ਦੱਸਣਯੋਗ ਹੈ ਕਿ ਪਹਿਲਵਾਨਾਂ ਵੱਲ਼ੋਂ ਮੈਡਲ ਗੰਗਾ ਚ ਵਹਾਉਣ ਦੇ ਫੈਸਲੇ ਨਾਲ ਹੀ ਸ਼ੋਸ਼ਲ ਮੀਡੀਆ ਤੇ ਹੰਗਾਮਾ ਖੜ੍ਹਾ ਹੋ ਗਿਆ ਸੀ। ਦੇਸ ਦੇ ਕਈ ਆਗੂ, ਕਿਸਾਨ ਨੇਤਾਵਾਂ ਨੇ ਉਨ੍ਹਾਂ ਨੂੰ ਇੰਜ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਬੇਸ਼ਕ ਇਹ ਸਰਕਾਰ ਨਹੀਂ ਪਰ ਦੇਸ਼ ਸਾਡਾ ਹੈ।
ਇਸ ਤੋਂ ਪਹਿਲਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਕਰੀਬ ਇਕ ਘੰਟੇ ਤੱਕ ਹਰਿ ਕੀ ਪੌੜੀ ‘ਚ ਬੈਠੇ ਮੈਡਲ ਨੂੰ ਫੜ ਕੇ ਰੋਂਦੇ ਰਹੇ। ਇਸ ਤੋਂ ਪਹਿਲਾਂ ਵੀ ਗੰਗਾ ਕਮੇਟੀ ਪਹਿਲਵਾਨਾਂ ਦੇ ਖ਼ਿਲਾਫ਼ ਖੜ੍ਹੀ ਸੀ। ਉਨ੍ਹਾਂ ਕਿਹਾ ਕਿ ਇਹ (ਹਰਿ ਕੀ ਪਉੜੀ) ਪੂਜਾ ਸਥਾਨ ਹੈ ਨਾ ਕਿ ਰਾਜਨੀਤੀ ਦਾ।
ਦੱਸ ਦਈਏ ਕਿ ਇਹ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਐਤਵਾਰ ਨੂੰ ਪੁਲਿਸ ਨਾਲ ਝੜਪ ਤੋਂ ਬਾਅਦ ਜੰਤਰ-ਮੰਤਰ ਤੋਂ ਪਰਤ ਆਏ ਹਨ।