ਗੁਰਦਾਸਪੁਰ ਪੰਜਾਬ

ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ ਦਿੰਦਾ ਹੈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ

ਫ਼ੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ ਦਿੰਦਾ ਹੈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ
  • PublishedMay 29, 2023

ਹੁਣ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਨੌਜਵਾਨ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਤੋਂ ਸਿਖਲਾਈ ਲੈ ਕੇ ਹੋ ਚੁੱਕੇ ਹਨ ਫ਼ੌਜ ਵਿੱਚ ਭਰਤੀ

ਤਿੰਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਫਿਜੀਕਲ ਅਤੇ ਲਿਖਤੀ ਟੈਸਟ ਦੀ ਕਰਵਾਈ ਜਾਂਦੀ ਹੈ ਤਿਆਰੀ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 29 ਮਈ (ਦੀ ਪੰਜਾਬ ਵਾਇਰ ) । ਗੁਰੂ ਨਾਨਕ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ-ਪਾਈਟ ਕੇਂਦਰ ਨੌਜਵਾਨਾਂ ਨੂੰ ਭਾਰਤੀ ਫੌਜ, ਬੀ.ਐੱਸ.ਐੱਫ ਅਤੇ ਸੀ.ਆਰ.ਪੀ.ਐੱਫ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਯੋਗ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਾਲ 2005 ਵਿੱਚ ਸ਼ੁਰੂ ਕੀਤੇ ਇਸ ਸੀ-ਪਾਈਟ ਕੈਂਪ ਤੋਂ ਹੁਣ ਤੱਕ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਜ਼ਾਰਾਂ ਹੀ ਨੌਜਵਾਨਾਂ ਸਿਖਲਾਈ ਲੈ ਕੇ ਫੌਜ ਸਮੇਤ ਹੋਰ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।

ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਦੇ ਇੰਚਾਰਜ ਨਵਜੋਤ ਸਿੰਘ ਨੇ ਦੱਸਿਆ ਕਿ ਇੱਕ ਕੈਂਪ ਦੌਰਾਨ 100 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹ ਕੈਂਪ ਤਿੰਨ ਮਹੀਨੇ ਦਾ ਹੁੰਦਾ ਹੈ। ਇਸ ਦੌਰਾਨ ਨੌਜਵਾਨਾਂ ਦਾ ਰਹਿਣ-ਸਹਿਣ ਬਿਲਕੁਲ ਮੁਫ਼ਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਤਿੰਨ ਟਾਈਮ ਦਾ ਖਾਣਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਭਰਤੀ ਰੈਲੀ ਆਉਂਦੀ ਹੈ ਤਾਂ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ।

ਕੈਂਪ ਇੰਚਾਰਜ ਨਵਜੋਤ ਸਿੰਘ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੋਚ ਸਾਹਿਬਾਨ ਵੱਲੋਂ ਨੌਜਵਾਨਾਂ ਨੂੰ ਫਿਜੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਫਿਜੀਕਲੀ ਹਰ ਉਹ ਈਵੈਂਟ ਕਰਵਾਇਆ ਜਾਂਦਾ ਹੈ ਜੋ ਫੌਜ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਵੇਲੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਪੂਰੀ ਮਿਹਨਤ ਨਾਲ ਤਿੰਨ ਮਹੀਨੇ ਦੀ ਸਿਖਲਾਈ ਸੀ-ਪਾਈਟ ਕੈਂਪ ਤੋਂ ਕਰ ਲੈਂਦਾ ਹੈ ਤਾਂ ਉਹ ਬੜੀ ਅਸਾਨੀ ਨਾਲ ਫੌਜ ਦੀ ਭਰਤੀ ਵੇਲੇ ਸਾਰੇ ਸਰੀਰਕ ਟੈਸਟ ਪਾਸ ਕਰ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਲਿਖਤੀ ਟੈਸਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤਾਂ ਜੋ ਸਰੀਰਕ ਟੈਸਟ ਪਾਸ ਕਰਨ ਤੋਂ ਬਾਅਦ ਜੋ ਲਿਖਤੀ ਟੈਸਟ ਲਿਆ ਜਾਂਦਾ ਹੈ ਨੌਜਵਾਨ ਉਸ ਵਿਚੋਂ ਵੀ ਪਾਸ ਹੋ ਕੇ ਫੌਜ ਵਿੱਚ ਭਰਤੀ ਹੋ ਸਕਣ।

ਕੈਂਪ ਇੰਚਾਰਜ ਨਵਜੋਤ ਸਿੰਘ ਨੇ ਕਿਹਾ ਕਿ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਸਮੇਂ-ਸਮੇਂ ਇਹ ਸਿਖਲਾਈ ਕੈਂਪ ਚੱਲਦੇ ਰਹਿੰਦੇ ਹਨ ਅਤੇ ਜਿਹੜੇ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ ਉਨ੍ਹਾਂ ਲਈ ਰੱਖਿਆ ਸੇਵਾਵਾਂ ਵਿੱਚ ਜਾਣ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਰਦਾਨ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਇਸ ਕੇਂਦਰ ਵਿੱਚ ਸਿਖਲਾਈ ਲੈਣੀ ਚਾਹੁੰਦੇ ਹਨ ਉਹ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਜਾਂ ਜ਼ਿਲ੍ਹਾ ਰੁਜ਼ਗਾਰ ਦਫ਼ਤਰ, ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਦਾ ਸੰਪਰਕ ਨੰਬਰ 97818-91928 ਹੈ।

Written By
The Punjab Wire