ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ ਉਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ

ਕੇਂਦਰ ਸਰਕਾਰ ਜਰੀਏ ਲਗਾਈ ਮਦਦ ਦੀ ਗੁਹਾਰ

ਅੰਮ੍ਰਿਤਸਰ, 26 ਮਈ 2023 (ਦੀ ਪੰਜਾਬ ਵਾਇਰ)। ਅਜਨਾਲਾ ਹਲਕੇ ਦੇ ਪਿੰਡ ਗੋਗੋਮਾਹਲ ਦੇ ਦੋ ਨੌਜਵਾਨ, ਜੋ ਕਿ ਕਿਸੇ ਠੱਗ ਟਰੈਵਲ ਏਜੰਟ ਦੇ ਭਰੋਸੇ ਵਿਚ ਆ ਕੇ ਇੰਡੋਨੇਸ਼ੀਆ ਵਿਖੇ ਕਤਲ ਕੇਸ ਦੇ ਇਲਜ਼ਾਮ ਵਿਚ ਫਾਸੀਂ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੀ ਮਦਦ ਲਈ ਐਨ. ਆਰ. ਆਈ. ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਵਿਦੇਸ਼ ਸਕੱਤਰ ਕੋਲ ਪਹੁੰਚ ਕਰਕੇ ਮਦਦ ਦੀ ਗੁਹਾਰ ਲਗਾਈ ਹੈ।

ਚੰਡੀਗੜ੍ਹ ਵਿਖੇ ਵਿਦੇਸ਼ ਸਕੱਤਰ ਡਾ. ਔਸਫ ਸਈਅਦ ਨੂੰ ਮਿਲਕੇ ਸ ਧਾਲੀਵਾਲ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਅਜੇਪਾਲ ਸਿੰਘ ਨਾਮ ਦੇ ਇਹ ਨੌਜਵਾਨ ਵਿਦੇਸ਼ ਦੇ ਝਾਂਸੇ ਵਿੱਚ ਠੱਗੀ ਦਾ ਸ਼ਿਕਾਰ ਹੋਏ। ਇੰਡੋਨੇਸ਼ੀਆ ਵਿੱਚ ਇੰਨਾ ਨੂੰ ਉਕਤ ਕਥਿਤ ਦੋਸ਼ੀ ਭਾਰਤੀ ਮੂਲ ਦੇ ਏਜੰਟ ਨੇ ਇੰਨਾ ਨੂੰ ਬੰਧਕ ਬਣਾਈ ਰੱਖਿਆ ਅਤੇ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ। ਇਥੋਂ ਬਚ ਨਿਕਲਣ ਦੇ ਚੱਕਰ ਵਿੱਚ ਹੋਈ ਲੜਾਈ ਦੌਰਾਨ ਉਸ ਏਜੰਟ ਦੀ ਮੌਤ ਹੋ ਗਈ ਅਤੇ ਇਹ ਮੁੰਡੇ ਇਸ ਦੋਸ਼ ਵਿੱਚ ਫੜੇ ਗਏ, ਜਿੰਨਾ ਨੂੰ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਵਿਦੇਸ਼ ਸਕੱਤਰ ਨੂੰ ਬੇਨਤੀ ਕੀਤੀ ਕਿ ਉਹ ਨਿੱਜੀ ਤੌਰ ਉਤੇ ਇਸ ਮਸਲੇ ਨੂੰ ਭਾਰਤ ਸਰਕਾਰ ਜਰੀਏ ਇੰਡੋਨੇਸ਼ੀਆ ਸਰਕਾਰ ਕੋਲ ਉਠਾਉਣ ਤਾਂ ਜੋ ਇੰਨਾ ਮੁੰਡਿਆਂ ਨੂੰ ਬਚਾਇਆ ਜਾ ਸਕੇ। ਸ ਧਾਲੀਵਾਲ ਨੇ ਦੱਸਿਆ ਕਿ ਡਾ. ਔਸਫ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਤੁਹਾਡੇ ਨੌਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਕਾਨੂੰਨੀ ਵਾਹ ਲਗਾਏਗੀ ਅਤੇ ਇਸ ਮਾਮਲੇ ਉਤੇ ਇੰਡੋਨੇਸ਼ੀਆ ਦੂਤਵਾਸ ਜਰੀਏ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ।

Print Friendly, PDF & Email
www.thepunjabwire.com Contact for news and advt :-9814147333