ਚੰਡੀਗੜ੍ਹ , 25 ਮਈ 2023 (ਦੀ ਪੰਜਾਬ ਵਾਇਰ)। ਦੇਸ਼ ਅੰਦਰ ਅਤੇ ਵਿਦੇਸ਼ਾਂ ਤੋਂ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ, ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘Z+’ ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਪ੍ਰਦਾਨ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮਾਨ (49) ਦੀ ਸੁਰੱਖਿਆ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਵੀਆਈਪੀ ਸੁਰੱਖਿਆ ਦਸਤੇ ਦੁਆਰਾ ਕੀਤੀ ਜਾਵੇਗੀ। ਮਾਨ ਨੂੰ ਇਹ ਸੁਰੱਖਿਆ ਉਨ੍ਹਾਂ ਦੀ ਸੁਰੱਖਿਆ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਦਿੱਤੀ ਗਈ ਹੈ।
ਸੂਤਰਾਂ ਨੇ ਕਿਹਾ ਕਿ ਮਾਨ ਨੂੰ ਪੂਰੇ ਭਾਰਤ ਵਿੱਚ ਉੱਚ ਪੱਧਰੀ ‘Z+’ ਕਵਰ ਪ੍ਰਦਾਨ ਕੀਤਾ ਜਾਵੇਗਾ ਅਤੇ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਹੈ। ਸੀਆਰਪੀਐਫ ਜਲਦੀ ਹੀ ਇਸ ਕੰਮ ਨੂੰ ਸੰਭਾਲ ਲਵੇਗੀ ਅਤੇ ਇਸ ਲਈ 55 ਹਥਿਆਰਬੰਦ ਜਵਾਨਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਪੰਜਾਬ ਪੁਲਿਸ ਦੀ ਸੁਰੱਖਿਆ ਤੋਂ ਇਲਾਵਾ ਤਾਜ਼ਾ ਸੁਰੱਖਿਆ ਘੇਰਾ ਮੁੱਖ ਮੰਤਰੀ ਦੇ ਘਰ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਵੀ ਸੁਰੱਖਿਆ ਕਰੇਗਾ।
ਮਾਨ ਲਈ ਅਜਿਹੇ ਸੁਰੱਖਿਆ ਘੇਰੇ ਦੀ ਸਿਫ਼ਾਰਿਸ਼ ਕੇਂਦਰੀ ਖੁਫ਼ੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਸੂਬੇ ਵਿੱਚ ਖ਼ਾਲਿਸਤਾਨੀ ਸਰਗਰਮੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਖ਼ਤਰਾ ਧਾਰਨਾ ਵਿਸ਼ਲੇਸ਼ਣ ਰਿਪੋਰਟ ਤਿਆਰ ਕਰਨ ਦੌਰਾਨ ਕੀਤੀ ਗਈ ਸੀ।