ਪੰਜਾਬ ਮੁੱਖ ਖ਼ਬਰ

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ‘ਮਦਰ ਵਰਕਸ਼ਾਪ’ ਪ੍ਰੋਗਰਾਮ ਵਿੱਚ 5 ਲੱਖ  ਮਾਵਾਂ ਨੇ ਕੀਤੀ ਸ਼ਮੂਲੀਅਤ: ਹਰਜੋਤ ਸਿੰਘ ਬੈਂਸ

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ‘ਮਦਰ ਵਰਕਸ਼ਾਪ’ ਪ੍ਰੋਗਰਾਮ ਵਿੱਚ 5 ਲੱਖ  ਮਾਵਾਂ ਨੇ ਕੀਤੀ ਸ਼ਮੂਲੀਅਤ: ਹਰਜੋਤ ਸਿੰਘ ਬੈਂਸ
  • PublishedMay 20, 2023

ਚੰਡੀਗੜ੍ਹ, 20 ਮਈ 2023 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ  ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਰਾਜ ਦੇ 12851 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਮਦਰ ਵਰਕਸ਼ਾਪ’ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ  ‘ਮਦਰ ਵਰਕਸ਼ਾਪ’ ਨਾਮ ਦਾ ਇਹ ਪ੍ਰੋਗਰਾਮ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰੀਆਂ ਅਤੇ ਉਹਨਾਂ ਦੀਆਂ ਮਾਵਾਂ ਲਈ ਰੱਖਿਆ ਗਿਆ ਸੀ। ਇਸ ਤਹਿਤ ਮਾਵਾਂ ਨੂੰ ਅਧਿਆਪਕ ਦੁਆਰਾ ਸਕੂਲ ਦੇ ਵਿਦਿਆਰੀਆਂ ਨੂੰ ਮੁੱਹਈਆ ਕਰਵਾਈ ਜਾਂਦੀ ਸਿੱਖਿਆ, ਸਿੱਖਣ ਸਮਗਰੀ ਅਤੇ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਕਾਰਨਰ ਸਜਾ ਕੇ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ  ‘ਮਦਰ ਵਰਕਸ਼ਾਪ’ ਮੌਕੇ ਸਕੂਲਾਂ ਵਿੱਚ 5 ਲੱਖ ਦੇ ਕਰੀਬ ਮਾਵਾਂ ਨੇ ਭਾਗ ਲਿਆ ਹੈ। ਸ. ਬੈਂਸ ਨੇ ਕਿਹਾ ਕਿ  ਸਕੂਲ ਸਿੱਖਿਆ ਵਿਭਾਗ ਵਲੋਂ  ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Written By
The Punjab Wire