Close

Recent Posts

ਗੁਰਦਾਸਪੁਰ ਮੁੱਖ ਖ਼ਬਰ

ਬਿਜਲੀ ਮੰਤਰੀ ਨੇ ਪਾਵਰਕਾਮ ਦਫ਼ਤਰ ਗੁਰਦਾਸਪੁਰ ਪਹੁੰਚ ਕੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜਾ

ਬਿਜਲੀ ਮੰਤਰੀ ਨੇ ਪਾਵਰਕਾਮ ਦਫ਼ਤਰ ਗੁਰਦਾਸਪੁਰ ਪਹੁੰਚ ਕੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜਾ
  • PublishedMay 19, 2023

ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਗਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ – ਬਿਜਲੀ ਮੰਤਰੀ

ਦਫ਼ਤਰਾਂ ਦਾ ਸਮਾਂ ਬਦਲਣ ਨਾਲ ਲੋਕਾਂ ਨੂੰ ਸਹੂਲਤ ਮਿਲਣ ਦੇ ਨਾਲ ਬਿਜਲੀ ਦੀ ਵੀ ਹੋ ਰਹੀ ਹੈ ਬਚਤ – ਬਿਜਲੀ ਮੰਤਰੀ

ਗੁਰਦਾਸਪੁਰ, 19 ਮਈ 2023 ( ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਨਿਰਵਿਗਨ ਸਪਲਾਈ ਦਿੱਤੀ ਜਾਵੇਗੀ ਅਤੇ ਇਸ ਲਈ ਪਾਵਰਕਾਮ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਅੱਜ ਸਵੇਰੇ ਗੁਰਦਾਸਪੁਰ ਸਥਿਤ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਤੋਂ ਵੀ ਵੱਧ ਬਿਜਲੀ ਦੀ ਨਿਰਵਿਗਨ ਸਪਲਾਈ ਦਿੱਤੀ ਗਈ ਸੀ ਅਤੇ ਇਸ ਸੀਜ਼ਨ ਦੌਰਾਨ ਵੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।

ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਭਰ ਵਿੱਚ ਪਾਵਰਕਾਮ ਦੇ ਦਫ਼ਤਰਾਂ ਵਿੱਚ ਜਾ ਕੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਇਸੇ ਲੜ੍ਹੀ ਤਹਿਤ ਅੱਜ ਗੁਰਦਾਸਪੁਰ ਸਥਿਤ ਪਾਵਰਕਾਮ ਦੇ ਐੱਸ.ਈ. ਦਫ਼ਤਰ ਦਾ ਦੌਰਾ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ 10 ਜੂਨ ਤੋਂ ਪਹਿਲਾਂ-ਪਹਿਲਾਂ ਸਾਰੀਆਂ ਬਿਜਲੀ ਲਾਈਨਾਂ ਨੂੰ ਚੈੱਕ ਕਰ ਲੈਣ ਅਤੇ ਜੇਕਰ ਕਿਤੇ ਮੁਰੰਮਤ ਜਾਂ ਸੁਧਾਰ ਦੀ ਲੋੜ ਹੈ ਤਾਂ ਉਸ ਨੂੰ ਸਮਾਂ ਰਹਿੰਦਿਆਂ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟਰਾਂਸਫਾਰਮਰ ਉੱਪਰ ਲੋਡ ਜਿਆਦਾ ਹੈ ਜਾਂ ਕੋਈ ਹੋਰ ਬਿਜਲੀ ਸਾਜ਼ੋ-ਸਮਾਨ ਲੋੜੀਂਦਾ ਹੈ ਤਾਂ ਉਨ੍ਹਾਂ ਦਾ ਵੀ ਹੁਣ ਤੋਂ ਹੀ ਹੱਲ ਕੀਤਾ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਪਲਾਈ ਵਿੱਚ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਰਮੀ ਦੇ ਸੀਜ਼ਨ ਦੌਰਾਨ ਸਾਰੇ ਖਪਤਕਾਰਾਂ ਅਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

ਬਿਜਲੀ ਮੰਤਰੀ ਸ. ਹਰਭਜਨ ਸਿੰਘ ਅੱਜ ਠੀਕ ਸਵੇਰੇ 7:30 ਵਜੇ ਪਾਵਰਕਾਮ ਦੇ ਦਫ਼ਤਰ ਵਿੱਚ ਪਹੁੰਚ ਗਏ ਸਨ ਜਿਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੇ ਸਟਾਫ਼ ਦੀ ਹਾਜ਼ਰੀ ਵੀ ਚੈੱਕ ਕੀਤੀ। ਇਸ ਦੌਰਾਨ ਸਾਰੇ ਅਧਿਕਾਰੀ ਤੇ ਕਰਮਚਾਰੀ ਦਫ਼ਤਰ ਵਿੱਚ ਆਪਣੀ ਡਿਊਟੀ ’ਤੇ ਹਾਜ਼ਰ ਸਨ ਅਤੇ ਲੋਕ ਵੀ ਦਫ਼ਤਰ ਵਿੱਚ ਸਵੇਰੇ ਕੰਮ ਕਰਾਉਣ ਲਈ ਪਹੁੰਚੇ ਹੋਏ ਸਨ। ਬਿਜਲੀ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2:00 ਵਜੇ ਤੱਕ ਕਰਨ ਨਾਲ ਜਿਥੇ ਆਮ ਲੋਕਾਂ ਨੂੰ ਸਹੂਲਤ ਮਿਲੀ ਹੈ ਓਥੇ ਇਸ ਨਾਲ ਬਿਜਲੀ ਦੀ ਬਚਤ ਵੀ ਹੋ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦਾਇਮਾ ਹਰੀਸ਼ ਓਮ ਪ੍ਰਕਾਸ਼, ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਤੋਂ ਇਲਾਵਾ ਪਾਵਰਕਾਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire