ਜੌੜਾਮਾਜਰਾ ਨੇ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਦੱਸਿਆ
ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਦਾ ਸਮਾਂ ਬਦਲਣ ਦੇ ਇਤਿਹਾਸਕ ਫੈਸਲੇ ਨਾਲ ਚੰਡੀਗੜ੍ਹ ਵਾਸੀਆਂ ਨੂੰ ਮਿਲੀ ਵੱਡੀ ਰਾਹਤ: ਚੇਤਨ ਸਿੰਘ ਜੌੜਾਮਾਜਰਾ
ਚੰਡੀਗੜ੍ਹ, 16 ਮਈ 2023 (ਦੀ ਪੰਜਾਬ ਵਾਇਰ)। ਲੋਕ ਸੰਪਰਕ ਅਤੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਵਿੱਚ ਦਫ਼ਤਰਾਂ ਦਾ ਸਮਾਂ ਬਦਲਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2 ਮਈ ਤੋਂ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰ ਦਿੱਤਾ ਹੈ ਜੋ 15 ਜੁਲਾਈ ਤੱਕ ਲਾਗੂ ਰਹੇਗਾ।
ਜੌੜਾਮਾਜਰਾ ਨੇ ਸਰਕਾਰ ਦੇ ਇਸ ਭਵਿੱਖਮੁਖੀ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ, ਉਦੋਂ ਤੋਂ ਆਮ ਲੋਕਾਂ ਦੇ ਨਾਲ-ਨਾਲ ਮੁਲਾਜ਼ਮ ਵੀ ਖੁਸ਼ ਹਨ। ਉਨ੍ਹਾ ਕਿਹਾ ਕਿ ਪੰਜਾਬੀ ਲੋਕ ਪੁਰਾਣੇ ਸਮਿਆਂ ਤੋਂ ਹੀ ਸਵੇਰੇ ਜਲਦੀ ਉੱਠਦੇ ਰਹੇ ਹਨ ਅਤੇ ਸਰਕਾਰ ਦਾ ਇਹ ਕਦਮ ਉਨ੍ਹਾਂ ਨੂੰ ਫਿਰ ਤੋਂ ਇਹ ਚੰਗੀਆਂ ਆਦਤਾਂ ਪਾਉਣ ਵਿੱਚ ਸਹਾਈ ਸਿੱਧ ਹੋਵੇਗਾ।
ਇਸ ਕਦਮ ਦੇ ਫਾਇਦਿਆਂ ਬਾਰੇ ਬੋਲਦਿਆਂ ਜੌੜਾਮਾਜਰਾ ਨੇ ਕਿਹਾ ਕਿ ਦਫ਼ਤਰੀ ਸਮੇਂ ਵਿੱਚ ਇਹ ਤਬਦੀਲੀ ਇੱਕ ਵਿਗਿਆਨਕ ਅਤੇ ਵਾਤਾਵਰਣ ਅਨੁਕੂਲ ਫੈਸਲਾ ਹੈ ਜਿਸ ਨਾਲ ਜ਼ਿਆਦਾਤਰ ਕੰਮ ਦਿਨ ਵੇਲੇ ਹੀ ਨੇਪਰੇ ਚੜ੍ਹਨ ਨਾਲ ਬਿਜਲੀ ਦੀ ਕਾਫ਼ੀ ਬੱਚਤ ਹੋਵੇਗੀ। ਜ਼ਿਆਦਾਤਰ ਵਿਕਸਿਤ ਦੇਸ਼ਾਂ ਵਿੱਚ ਇਹੀ ਰੁਝਾਨ ਅਪਣਾਇਆ ਜਾਂਦਾ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਦਿਨ ਜਲਦੀ ਸ਼ੁਰੂ ਹੁੰਦਾ ਹੈ।
ਜੌੜਾਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਦਫਤਰਾਂ ਦਾ ਸਮਾਂ ਯੂਟੀ ਜਾਂ ਕੇਂਦਰ ਸਰਕਾਰ ਦੇ ਦਫਤਰਾਂ ਦੇ ਸਮੇਂ ਤੋਂ ਵੱਖੋ-ਵੱਖਰਾ ਹੋਣ ਕਰਕੇ ਸਵੇਰੇ 9:00 ਵਜੇ ਜਾਂ ਸ਼ਾਮ 5:00 ਵਜੇ ਦੇ ਸਮੇਂ ਦੌਰਾਨ ਟਰੈਫਿਕ ਬਹੁਤ ਘੱਟ ਗਿਆ ਹੈ ਜਿਸ ਨਾਲ ਵਾਹਨਾਂ ਦੀ ਆਵਾਜਾਈ ਸੁਖਾਲੀ ਹੋ ਗਈ ਹੈ।
ਇਸ ਫੈਸਲੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨੂੰ ਸਭ ਤੋਂ ਵੱਧ ਰਾਹਤ ਮਿਲੀ ਹੈ ਕਿਉਂਕਿ ਇਸ ਵਿਰਾਸਤੀ ਸ਼ਹਿਰ ਲਈ ਟਰੈਫਿਕ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ।ਇਸ ਸਮੱਸਿਆ ਨੂੰ ਹੱਲ ਕਰਨ ਲਈ ਨੀਤੀਗਤ ਯੋਜਨਾਬੰਦੀ ਜਾਂ ਬੁਨਿਆਦੀ ਢਾਂਚੇ ਦੇ ਬਦਲਾਅ ਦੇ ਰੂਪ ਵਿਚ ਕਰੋੜਾਂ ਰੁਪਏ ਖਰਚ ਹੋ ਸਕਦੇ ਸਨ ਪਰ ਭਗਵੰਤ ਮਾਨ ਦੇ ਇਤਿਹਾਸਕ ਫੈਸਲੇ ਨੇ ਸਾਲਾਂ ਦੀ ਇਸ ਸਮੱਸਿਆ ਨੂੰ ਸਕਿੰਟਾਂ ਵਿੱਚ ਹੱਲ ਕਰ ਦਿੱਤਾ ਹੈ ਜਿਸ ਨਾਲ ਵੱਡੇ ਪੱਧਰ ‘ਤੇ ਪੈਸੇ ਦੀ ਬੱਚਤ ਵੀ ਹੋਈ ਹੈ।।
ਆਪਣੇ ਸਮਾਪਤੀ ਭਾਸ਼ਣ ਦੌਰਾਨ ਜੌੜਾਮਾਜਰਾ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਸਵੇਰੇ ਸਵੇਰੇ ਬਾਹਰ ਨਿਕਲੇ ਅਤੇ ਮੁਲਾਜ਼ਮਾਂ ਸਮੇਤ ਆਮ ਲੋਕਾਂ ਨਾਲ ਗੱਲਬਾਤ ਕਰਕੇ ਇਸ ਸਬੰਧੀ ਫੀਡਬੈਕ ਲਈ।