ਪੰਜਾਬੀ ਮਾਂ ਬੋਲੀ ਦੇ ਨਾਮੀ ਕਵੀਆਂ ਵੱਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਭਰੀ ਜਾਵੇਗੀ ਹਾਜ਼ਰੀ
ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ਕਾਵਿ-ਨਾਟ ਲੂਣਾ ਦਾ ਕੀਤਾ ਜਾਵੇਗਾ ਮੰਚਨ
ਬਟਾਲਾ, 3 ਮਈ 2023 ( ਦੀ ਪੰਜਾਬ ਵਾਇਰ) । ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਮੌਕੇ 6 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਵੱਲੋਂ ਨਿੱਘੀ ਸ਼ਰਧਾਂਜਲੀ ਦੇਣ ਲਈ ਬਟਾਲਾ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ 6 ਮਈ ਨੂੰ ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਸ਼ਿਵ ਬਟਾਲਵੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਦੋ ਪੜਾਅ ਹੋਣਗੇ। ਉਨ੍ਹਾਂ ਦੱਸਿਆ ਕਿ 6 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਹਿਲਾ ਸੈਸ਼ਨ ਹੋਵੇਗਾ, ਜਿਸ ਵਿੱਚ ਕਵਿਤਾ ਅਤੇ ਸ਼ਿਵ ਬਟਾਲਵੀ ਦੀ ਕਵਿਤਾ ਦਾ ਗਾਇਨ ਉਚਾਰਨ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸਕੂਲ, ਕਾਲਜ ਦੇ ਵਿਦਿਆਰਥੀਆਂ ਸਮੇਤ ਹੋਰ ਵਿਅਕਤੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇਤੂ ਨੂੰ 5100 ਰੁਪਏ ਦਾ ਨਗਦ ਇਨਾਮ, ਪ੍ਰਸੰਸਾ ਪੱਤਰ ਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 6 ਮਈ ਨੂੰ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਵਿਸ਼ੇਸ਼ ਸਮਾਗਮ ਹੋਵੇਗਾ ਜਿਸ ਵਿੱਚ ਸਭ ਤੋਂ ਪਹਿਲਾਂ ਸ਼ਿਵ ਬਟਾਲਵੀ ਦੀ ਗਾਇਕੀ, ਫਿਰ ਪੰਜਾਬੀ ਜ਼ੁਬਾਨ ਦੇ ਨਾਮਵਾਰ ਕਵੀਆਂ ਦਾ ਕਵੀ ਦਰਬਾਰ ਅਤੇ ਅਖੀਰ ਵਿੱਚ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ਕਾਵਿ-ਨਾਟ ਲੂਣਾ ਦਾ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਮੰਚਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਹੋਣ ਵਾਲੇ ਇਸ ਸਮਾਗਮ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਸਮੂਹ ਸ਼ਿਵ ਸਨੇਹੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।