ਚੰਡੀਗੜ੍ਹ, 2 ਮਈ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕੈਨੇਡੀਅਨ ਪੁਲਿਸ ਵੱਲੋਂ ਜਾਰੀ 25 ਮੋਸਟ ਵਾਂਟੇਡ ਮੁਲਜ਼ਮਾਂ ਦੀ ਸੂਚੀ ਵਿੱਚ ਗੋਲਡੀ ਬਰਾੜ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਹ ਸੂਚੀ ‘ਚ 15ਵੇਂ ਨੰਬਰ ‘ਤੇ ਹੈ। ਉਸ ‘ਤੇ ਇਨਾਮ ਵੀ ਰੱਖਿਆ ਗਿਆ ਹੈ, ਜਦਕਿ ਉਸ ‘ਤੇ ਕਤਲ ਦਾ ਦੋਸ਼ ਵੀ ਲਗਾਇਆ ਗਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ। ਇਸ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ 29 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿੱਧੂ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਵਿਦੇਸ਼ ਵੀ ਗਿਆ ਸੀ ਅਤੇ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਉਥੇ ਰੋਸ ਮਾਰਚ ਵੀ ਕੱਢਿਆ ਸੀ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਧਰਨਾ ਦਿੱਤਾ ਗਿਆ। ਇਸ ਦੇ ਨਾਲ ਹੀ ਦੋਸ਼ੀ ਗੋਲਡੀ ਬਰਾੜ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਗੋਲਡੀ ਬਰਾੜ 2017 ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਪਹੁੰਚਿਆ ਸੀ।
ਇੰਟਰਪੋਲ ਮੁਤਾਬਕ 29 ਸਾਲਾ ਗੋਲਡੀ ਬਰਾੜ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਸਾਹਮਣਾ ਕਰ ਰਿਹਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਹਾਲ ਹੀ ਵਿੱਚ ਬਰਾੜ ਤੇ ਉਸ ਦੇ ਸਾਥੀ ਲਾਰੈਂਸ ਬਿਸ਼ਨੋਈ (ਬਠਿੰਡਾ ਜੇਲ੍ਹ ਵਿਚ) ਅਤੇ ਅਨਮੋਲ ਬਿਸ਼ਨੋਈ (ਆਖਰੀ ਵਾਰ ਕੈਲੀਫੋਰਨੀਆ, ਯੂਐਸਏ ਵਿੱਚ ਦੇਖੇ ਗਏ) ਨੂੰ ਚਾਰਜਸ਼ੀਟ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਸਨ। ਉਸ ਦੇ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਭਗੌੜੇ ਦੀ ਗ੍ਰਿਫਤਾਰੀ ਦੀ ਇਜਾਜ਼ਤ ਦਿੰਦਾ ਹੈ।