Close

Recent Posts

ਗੁਰਦਾਸਪੁਰ

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ
  • PublishedApril 28, 2023

ਬਿਨ੍ਹਾਂ ਨਾੜ ਨੂੰ ਅੱਗ ਲਗਾਏ ਅਸਾਨੀ ਨਾਲ ਅਗਲੀਆਂ ਫਸਲਾਂ ਦੀ ਕੀਤੀ ਜਾ ਸਕਦੀ ਹੈ ਬਿਜਾਈ

ਗੁਰਦਾਸਪੁਰ, 28 ਅਪ੍ਰੈਲ 2023 (ਮੰਨਣ ਸੈਣੀ )। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਉਣ ਅਤੇ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਨ।

ਡਾ. ਕ੍ਰਿਪਾਲ ਸਿੰਘ ਢਿਲੋਂ, ਮੁੱਖ ਖੇਤੀਬਾੜੀ ਅਫ਼ਸਰ, ਗੁਰਦਾਸਪੁਰ ਨੇ ਇਹ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਕਣਕ ਹਾੜ੍ਹੀ ਦੀਆਂ ਫਸਲਾਂ ਵਿੱਚੋਂ ਪ੍ਰਮੁੱਖ ਫਸਲ ਹੈ ਅਤੇ ਇਸ ਫਸਲ ਦੀ ਵਾਢੀ ਕਿਸਾਨਾਂ ਦੁਆਰਾ ਲਗਭਗ ਮੁਕੰਮਲ ਹੋਣ ਨੇੜੇ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੇ ਨਾੜ ਅਤੇ ਰਹਿੰਦ-ਖੂੰਹਦ ਤੋਂ ਤੂੜੀ ਬਣਾਉਣ ਉਪਰੰਤ ਕਿਸਾਨਾਂ ਦੁਆਰਾ ਆਪਣੇ ਖੇਤ ਨੂੰ ਸਾਉਣੀ ਦੀ ਫਸਲ ਦੀ ਬਿਜਾਈ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਅਣਜਾਣੇ ਵਿੱਚ ਖੇਤ ਨੂੰ ਤਿਆਰ ਕਰਨ ਲਈ ਕਣਕ ਦੇ ਨਾੜ ਨੂੰ ਅੱਗ ਲਗਾਉਂਦੇ ਹਨ ਜਦਕਿ ਕਿ ਤੂੜੀ ਬਣਾਉਣ ਉਪਰੰਤ ਕਣਕ ਦੀ ਫਸਲ ਦੇ ਖੇਤ ਵਿੱਚ ਨਾਮਾਤਰ ਰਹਿੰਦ-ਖੂੰਹਦ ਬੱਚਦੀ ਹੈ, ਜਿਸ ਨੂੰ ਬਹੁਤ ਆਸਾਨੀ ਅਤੇ ਰਿਵਾਇਤੀ ਮਸ਼ੀਨਾਂ ਨਾਲ ਮਿੱਟੀ ਵਿੱਚ ਮਿਲਾ ਕੇ ਖੇਤ ਨੂੰ ਤਿਆਰ ਕੀਤਾ ਜਾ ਸਕਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹਵਾ, ਪਾਣੀ ਅਤੇ ਮਿੱਟੀ ਜੋ ਕਿ ਜੀਵਨ ਦੇ ਤਿੰਨ ਜ਼ਰੂਰੀ ਆਧਾਰ ਹਨ, ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਹੀ ਮਿਲਾਉਣਾ ਚਾਹੀਦਾ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਣ ਦੇ ਨਾਲ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਕਿਸਾਨ ਗਰਮ ਰੁੱਤ ਦੀ ਮੂੰਗੀ ਆਦਿ ਵਰਗੀਆਂ ਫਸਲਾਂ ਦੀ ਜੀਰੋ ਡਰਿੱਲ, ਹੈਪੀ ਸੀਡਰ ਅਤੇ ਸੁਪਰ ਸੀਡਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਹੀ ਫਸਲ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤਾਂ ਵਿੱਚ ਹੀ ਮਿਲਾ ਕੇ ਮਿੱਟੀ, ਹਵਾ ਅਤੇ ਪਾਣੀ ਵਰਗੇ ਅਨਮੁੱਲੇ ਜੀਵਨ ਦੇ ਸਾਧਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਯੋਗਦਾਨ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ।

Written By
The Punjab Wire