Close

Recent Posts

ਸਿੱਖਿਆ ਪੰਜਾਬ ਮੁੱਖ ਖ਼ਬਰ

ਹਰਜੋਤ ਸਿੰਘ ਬੈਂਸ ਨੇ ਅੰਗਰੇਜ਼ੀ ਅਧਿਆਪਕਾਂ ਲਈ ਦੋ ਹਫ਼ਤਿਆਂ ਦਾ ਵਿਸ਼ੇਸ਼ ਪ੍ਰੋਗਰਾਮ ਕੀਤਾ ਸ਼ੁਰੂ

ਹਰਜੋਤ ਸਿੰਘ ਬੈਂਸ ਨੇ ਅੰਗਰੇਜ਼ੀ ਅਧਿਆਪਕਾਂ ਲਈ ਦੋ ਹਫ਼ਤਿਆਂ ਦਾ ਵਿਸ਼ੇਸ਼ ਪ੍ਰੋਗਰਾਮ ਕੀਤਾ ਸ਼ੁਰੂ
  • PublishedApril 17, 2023

ਚੰਡੀਗੜ੍ਹ, 17 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸੂਬੇ ਦੇ ਬੱਚਿਆਂ ਦੀ ਅੰਗਰੇਜ਼ੀ ਭਾਸ਼ਾ ਅਤੇ ਸੰਚਾਰ ਹੁਨਰ ਨੂੰ ਹੋਰ ਨਿਖਾਰਨ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਇੱਕ ਹੋਰ ਨਿਵੇਕਲਾ ਕੋਰਸ ਸ਼ੁਰੂ ਕੀਤਾ।

ਸ੍ਰੀ ਬੈਂਸ ਨੇ ਇਸ ਨੇਕ ਕਾਰਜ ਲਈ ਅਮਰੀਕੀ ਦੂਤਾਵਾਸ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਸ਼ਮੂਲੀਅਤ ਕਰਨ ਵਾਲਿਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਆਪਣੇ ਭਾਸ਼ਣ ਵਿੱਚ ਡਾ. ਮਨਿੰਦਰ ਸਰਕਾਰੀਆ, ਡਾਇਰੈਕਟਰ, ਐਸ.ਸੀ.ਈ.ਆਰ.ਟੀ. ਨੇ ਦੇਸ਼ ਦੇ ਵਿਕਾਸ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਬਾਰੇ ਦੱਸਿਆ।

ਜ਼ਿਕਰਯੋਗ ਹੈ ਕਿ ਦੋ ਅਮਰੀਕੀ ਟ੍ਰੇਨਰ 40 ਅੰਗ੍ਰੇਜ਼ੀ ਭਾਸ਼ਾ ਦੇ ਅਧਿਆਪਕਾਂ ਨਾਲ 17 ਤੋਂ 29 ਅਪ੍ਰੈਲ (ਦੋ ਹਫ਼ਤੇ) ਤੱਕ ਚੱਲਣ ਵਾਲੇ ‘ਟੀਚਿੰਗ ਇੰਗਲਿਸ਼ ਟੂ ਅਡੋਲੈਸੈਂਟਸ’ ਵਿਸ਼ੇਸ਼ ਪ੍ਰੋਗਰਾਮ ਵਿੱਚ ਸਹਿਯੋਗ ਕਰਨਗੇ। ਇਹ ਕੋਰਸ ਇੱਕ ਕੌਮਾਂਤਰੀ ਸਰਟੀਫਿਕੇਟ ਪ੍ਰੋਗਰਾਮ ਦਾ ਦੂਜਾ ਪੜਾਅ ਹੈ, ਜਿਸ ਨੂੰ ਯੂ.ਐਸ. ਦੇ ਪਬਲਿਕ ਅਫੇਅਰ ਸੈਕਸ਼ਨ, ਨਵੀਂ ਦਿੱਲੀ ਵਿਖੇ ਸਥਿਤ ਦੂਤਾਵਾਸ ਵੱਲੋਂ ਫੰਡ ਦਿੱਤਾ ਜਾਂਦਾ ਹੈ ਅਤੇ ਟੀ.ਈ.ਐਸ.ਓ.ਐਲ. ਇੰਟਰਨੈਸ਼ਨਲ ਐਸੋਸੀਏਸ਼ਨ ਵੱਲੋਂ ਲਾਗੂ ਕੀਤਾ ਗਿਆ, ਜੋ ਕਿ ਵਿਸ਼ਵ ਵਿੱਚ ਅੰਗਰੇਜ਼ੀ ਭਾਸ਼ਾ ਦੇ ਅਧਿਆਪਕਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਟੀ.ਈ.ਐਸ.ਓ.ਐਲ. ਇੰਟਰਨੈਸ਼ਨਲ ਲਈ ਵਿਸ਼ੇਸ਼ ਪ੍ਰੋਜੈਕਟਾਂ ਦੀ ਡਾਇਰੈਕਟਰ ਹੈਦੀ ਫੌਸਟ, ਡਾ. ਤਾਮਰੀਕਾ ਖਵਤੀਸੀਆਸ਼ਵਿਲੀ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ। ਵਿਸ਼ਵ ਭਰ ਵਿੱਚ ਅੰਗਰੇਜ਼ੀ ਅਧਿਆਪਕਾਂ ਲਈ ਸਿੱਖਿਆ ਪ੍ਰੋਗਰਾਮ ਚਲਾਉਣ ਦਾ ਦੋਵਾਂ ਕੋਲ ਕਈ ਸਾਲਾਂ ਦਾ ਤਜਰਬਾ ਹੈ।

ਇਸ ਸਮਾਗਮ ਵਿੱਚ ਯੂ.ਐਸ. ਅੰਬੈਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਅਧਿਕਾਰੀ ਰੂਥ ਗੋਡੇ ਨੇ ਉਚੇਚੇ ਤੌਰ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਮਿਸ ਗੋਡੇ ਨੇ ਦੱਸਿਆ ਕਿ ਯੂ.ਐੱਸ. ਅੰਬੈਸੀ ਇਹਨਾਂ ਪ੍ਰੋਜੈਕਟਾਂ ਨੂੰ ਫੰਡ ਦਿੰਦੀ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਨੌਕਰੀਆਂ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਵਿਦਿਆਰਥੀਆਂ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ।

Written By
The Punjab Wire