Close

Recent Posts

ਪੰਜਾਬ ਮੁੱਖ ਖ਼ਬਰ

5,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

5,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
  • PublishedApril 14, 2023

ਚੰਡੀਗੜ੍ਹ 14 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਥਾਣਾ, ਹਰਿਆਣਾ, ਜਿਲਾ ਹੁਸ਼ਿਆਰਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ-ਲੋਕਲ ਰੈਂਕ (ਏ.ਐਸ.ਆਈ.) ਰਾਜਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਲਈ ਗ੍ਰਿਫਤਾਰ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਬੱਸੀ ਨੌਂ, ਹਰਿਆਣਾ ਦੇ ਰਹਿਣ ਵਾਲੇ ਸੰਜੇ ਉਰਫ ਆਸ਼ੂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਪਰੋਕਤ ਪੁਲਿਸ ਕਰਮਚਾਰੀ ਨੇ ਸ਼ਿਕਾਇਤਕਰਤਾ ਖਿਲਾਫ ਹਰਿਆਣਾ ਥਾਣੇ ਵਿੱਚ ਦਰਜ ਇੱਕ ਕੇਸ ਦਾ ਅਦਾਲਤ ਵਿੱਚ ਚਲਾਣ ਪੇਸ਼ ਬਦਲੇ 5,000 ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਪਿੱਛੋਂ ਵਿਜੀਲੈਂਸ ਬਿਊਰੋ ਦੀ ਜਲੰਧਰ ਰੇਂਜ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ, ਜਲੰਧਰ ਰੇਂਜ ਵਿੱਚ ਮੁਲਜ਼ਮ ਏ.ਐਸ.ਆਈ. ਦੇ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Written By
The Punjab Wire