ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ ਡਾਕੂਮੈਂਟਰੀ ਰਿਲੀਜ਼

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ ਡਾਕੂਮੈਂਟਰੀ ਰਿਲੀਜ਼
  • PublishedApril 13, 2023

ਡਾਕੂਮੈਂਟਰੀ ਵਿੱਚ ਸ਼ਿਵ ਬਟਾਲਵੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ

ਨੌਜਵਾਨ ਪੀੜ੍ਹੀ ਇਸ ਡਾਕੂਮੈਂਟਰੀ ਜਰੀਏ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਬਾਰੇ ਜਾਣਕਾਰੀ ਹਾਸਲ ਕਰ ਸਕੇਗੀ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 13 ਅਪ੍ਰੈਲ 2023 (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇੱਕ ਹੋਰ ਨਿਵੇਕਲਾ ਉਪਰਾਲਾ ਕਰਦਿਆਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ ਇੱਕ ਵਿਸ਼ੇਸ਼ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ। ਸ਼ਿਵ ਬਟਾਲਵੀ ਦੇ ਜੀਵਨ ਤੇ ਸਾਹਿਤਕ ਸਫ਼ਰ ’ਤੇ ਅਧਾਰਿਤ ਇਸ ਡਾਕੂਮੈਂਟਰੀ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਰਿਲੀਜ਼ ਕੀਤਾ ਗਿਆ।

ਡਾਕਮੈਂਟਰੀ ਨੂੰ ਜਾਰੀ ਕਰਨ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਸ਼ਾਇਰ ਹੈ ਜਿਸ ਨੂੰ ਪੂਰੀ ਦੁਨੀਆਂ ’ਚ ‘ਬਿਰਹਾ ਦੇ ਸੁਲਤਾਨ’ ਦਾ ਰੁਤਬਾ ਹਾਸਲ ਹੈ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਸਭ ਤੋਂ ਛੋਟੀ ਉਮਰ ਦਾ ਸ਼ਾਇਰ ਹੈ ਜਿਸ ਨੇ ਸਾਹਿਤ ਅਕਾਦਮੀ ਐਵਾਰਡ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਨੇ ਆਪਣੀਆਂ ਬਾਕਮਾਲ ਰਚਨਾਵਾਂ ਨਾਲ ਮਾਂ ਬੋਲੀ ਪੰਜਾਬੀ ਨੂੰ ਪੂਰੀ ਦੁਨੀਆਂ ਵਿੱਚ ਮਾਣ ਦਿਵਾਇਆ ਹੈ।

ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਡਾਕੂਮੈਂਟਰੀ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਸੰਖੇਪ ਪਰ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸ਼ਿਵ ਬਟਾਲਵੀ ਦੇ ਜਨਮ, ਉਸਦੇ ਪਰਿਵਾਰ, ਜਨਮ ਸਥਾਨ, ਕਰਮ ਭੂਮੀ ਅਤੇ ਉਸਦੇ ਸਾਹਿਤਕ ਸਫਰ ਬਾਰੇ ਚਾਨਣਾ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਡਾਕੂਮੈਂਟਰੀ ਜਰੀਏ ਨੌਜਵਾਨ ਪੀੜ੍ਹੀ ਆਪਣੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਬਾਰੇ ਜਾਣ ਸਕੇਗੀ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਦੀ ਇਹ ਡਾਕੂਮੈਂਟਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮ ਉੱਪਰ ਅਪਲੋਡ ਕਰਨ ਦੇ ਨਾਲ ਵਟਸਐਪ ਉੱਪਰ ਵੀ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਡਾਕੂਮੈਂਟਰੀ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਹੁੰਦੇ ਵੱਖ-ਵੱਖ ਸਾਹਿਤਕ ਤੇ ਕਲਚਰਲ ਪ੍ਰੋਗਰਾਮਾਂ ਵਿੱਚ ਵੀ ਚਲਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਮਾਂ ਬੋਲੀ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਹਮੇਸ਼ਾਂ ਤਾਜ਼ਾ ਰੱਖਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਦੀ ਪੂਰਵ ਸੰਧਿਆ ਮੌਕੇ ਸ਼ਿਵ ਆਡੀਟੋਰੀਅਮ ਵਿੱਚ ‘ਰੰਗਲਾ ਪੰਜਾਬ’ ਪ੍ਰੋਗਰਾਮ ਕਰਾਉਣ ਤੋਂ ਇਲਾਵਾ 6 ਮਈ ਨੂੰ ਸ਼ਿਵ ਬਟਾਲਵੀ ਦੀ ਬਰਸੀ ਮਨਾਈ ਜਾਵੇਗੀ। ਇਸ ਤੋਂ ਇਲਾਵਾ ਸ਼ਿਵ ਆਡੀਟੋਰੀਅਮ ਵਿਖੇ ਲਗਾਤਾਰ ਸਾਹਤਿਕ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਸਾਡਾ ਮਾਣ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਹਾਨ ਸ਼ਾਇਰ ਦੀ ਯਾਦ ਨੂੰ ਹਮੇਸ਼ਾਂ ਤਾਜ਼ਾ ਰੱਖਿਆ ਜਾਵੇਗਾ।

Written By
The Punjab Wire