ਪੰਜਾਬ ਸਰਕਾਰ ਸ਼ਾਨਨ ਪਾਵਰ ਹਾਊਸ ਪ੍ਰਤੀ ਪੂਰੀ ਤਰ੍ਹਾਂ ਗੰਭੀਰ
ਚੰਡੀਗੜ੍ਹ 8 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਿਮਾਚਲ ਪ੍ਰਦੇਸ਼ ਵਿੱਚ ਜੋਗਿੰਦਰ ਨਗਰ ਵਿਖੇ ਸ਼ਾਨਨ ਪਾਵਰ ਹਾਊਸ ਦਾ ਦੌਰਾ ਕੀਤਾ ਅਤੇ ਪਾਵਰ ਹਾਊਸ ਦਾ ਵਿਸਥਾਰ ‘ਚ ਨਿਰੀਖਣ ਵੀ ਕੀਤਾ।
ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਾਨਨ ਪਾਵਰ ਹਾਊਸ ਪ੍ਰਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਜ਼ਰੂਰੀ ਰਖ ਰਖਾਵ ਲਈ ਲੋੜੀਂਦੇ ਕਾਰਜ ਛੇਤੀ ਹੀ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਸ਼ਾਨਨ ਪਾਵਰ ਹਾਊਸ ਵਿੱਚ ਕੰਮ ਕਰਦੇ ਇੰਜੀਨੀਅਰਾਂ ਅਤੇ ਬਾਕੀ ਸਮੁੱਚੇ ਅਮਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ਾਨਨ ਪਾਵਰ ਹਾਊਸ ਦੇ ਕਰਮਚਾਰੀਆਂ ਦੀਆਂ ਜੋ ਜਾਇਜ਼ ਬੁਨਿਆਦੀ ਜ਼ਰੂਰਤਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪਣ ਬਿਜਲੀ ਪ੍ਰਾਜੈਕਟ ਸੰਨ 1932 ਵਿੱਚ ਬ੍ਰਿਟਿਸ਼ ਇੰਜੀਨੀਅਰ ਕਰਨਲ ਬੈਟੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੇ ਡਿਜ਼ਾਈਨ ‘ਤੇ ਉਸਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਾਨਨ ਪਾਵਰ ਹਾਊਸ ਦੀ ਸ਼ੁਰੂ ਵਿੱਚ 48 ਮੈਗਾਵਾਟ ਦੀ ਉਤਪਾਦਨ ਸਮਰੱਥਾ ਸੀ ਅਤੇ ਹੁਣ ਇਸ ਦੀ ਉਤਪਾਦਨ ਸਮਰੱਥਾ 110 ਮੈਗਾਵਾਟ ਹੈ।
ਸ. ਹਰਭਜਨ ਸਿੰਘ ਨੇ ਇਸ ਗੱਲ ਤੇ ਤਸਲੀ ਪ੍ਰਗਟ ਕੀਤੀ ਕਿ ਇਹ ਪ੍ਰਾਜੈਕਟ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੋਵੇਂ ਰਾਜਾਂ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦਿਆਂ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।