ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਲਈ ਵਚਨਬੱਧ
ਚੰਡੀਗੜ੍ਹ 6 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਆਂਗਣਵਾੜੀ ਵਰਕਰਾਂ ਨੂੰ ਹੁਕਮ ਦਿੱਤੇ ਹਨ ਕਿ ਸੂਬੇ ਦੇ ਤਿੰਨ ਸਾਲ ਤੋਂ ਉਪਰ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਦਾਖਲ ਕਰਵਾਉਣ ਲਈ ਬੱਚਿਆਂ ਦੇ ਮਾਪਿਆਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ। ਇਸੇ ਨੀਤੀ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆ ਦੀਆਂ ਬੁਨਿਆਂਦੀ ਜ਼ਰੂਰਤਾਂ ਪੂਰੀਆਂ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਨੂੰ ਪੂਰਕ ਪੋਸ਼ਕ ਆਹਾਰ, ਮੁੱਢਲੀ ਸਿੱਖਿਆ ਦੇਣ ਤੋਂ ਇਲਾਵਾ ਟੀਕਾਕਰਨ, ਸਿਹਤ ਦੀ ਜਾਂਚ ਪੜਤਾਲ ਅਤੇ ਨਿਊਟਰੀਸ਼ੀਅਨ ਸਬੰਧੀ ਬੱਚਿਆ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਖਿਡੌਣਿਆਂ ਨਾਲ ਵੱਖ ਵੱਖ ਪ੍ਰਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ।
ਕੈਬਨਿਟ ਮੰਤਰੀ ਨੇ ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਕੁਸ਼ਲਤਾ ਅਤੇ ਤਨਦੇਹੀ ਨਾਲ ਕੰਮ ਕਰਨ ਜਿਸ ਤੋਂ ਪ੍ਰੇਰਿਤ ਹੋ ਕੇ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਗਿਣਤੀ ‘ਚ ਵਾਧਾ ਹੋ ਸਕੇ।