ਚੰਡੀਗੜ੍ਹ, 5 ਅਪਰੈਲ 2023 (ਦੀ ਪੰਜਾਬ ਵਾਇਰ)। ਸੂਬੇ ਦੇ ਖਿਡਾਰੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਦੇ ਸਾਰੇ ਖੇਡ ਕੇਂਦਰਾਂ ਦੇ ਖਿਡਾਰੀਆਂ ਦੀ ਡਾਈਟ ਵਿੱਚ ਮੋਟੇ ਅਨਾਜ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਜਵੀਜ਼ ਨੂੰ ਸੂਬੇ ਦੇ ਸਾਰੇ ਖੇਡ ਕੇਂਦਰਾਂ ‘ਤੇ ਵੀ ਲਾਗੂ ਕੀਤਾ ਜਾਵੇਗਾ।
ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਮੋਟੇ ਅਨਾਜ ਨੂੰ ਹਫ਼ਤੇ ਵਿੱਚ ਤਿੰਨ ਵਾਰ ਰਾਗੀ ਦਲੀਆ, ਬਾਜਰੇ ਦੀਆਂ ਰੋਟੀਆਂ ਅਤੇ ਬਾਜਰਾ-ਦਾਲ ਖਿਚੜੀ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਸਿਖਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਆਨਲਾਈਨ ਅਤੇ ਆਫ਼ਲਾਈਨ ਕਲਾਸਾਂ ਰਾਹੀਂ ਮੋਟੇ ਅਨਾਜ ਦੇ ਸੇਵਨ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾਵੇਗਾ।ਇਹ ਪਹਿਲਕਦਮੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੇ ਮੰਤਵ ਨੂੰ ਪੂਰਾ ਕਰੇਗੀ।
ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਗਏ ਮੋਟੇ ਅਨਾਜ ਦਾ ਅੰਤਰਰਾਸ਼ਟਰੀ ਸਾਲ-2023 (ਇੰਟਰਨੈਸ਼ਨਲ ਈਅਰ ਆਫ਼ ਮਿਲਟਸ-2023)’ ਦੀ ਤਰਜ਼ ‘ਤੇ ਇਹ ਫੈਸਲਾ ਕੀਤਾ ਗਿਆ ਹੈ। ਖੇਡ ਵਿਭਾਗ ਵੱਲੋਂ ਇਸ ਨਵੇਂ ਉਦਮ ਨੂੰ ਲਾਗੂ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਸਿਖਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਆਫਲਾਈਨ ਅਤੇ ਆਨਲਾਈਨ ਕਲਾਸਾਂ ਰਾਹੀਂ ਅੰਤਰਰਾਸ਼ਟਰੀ ਸਾਲ-2023 ਅਤੇ ਖਿਡਾਰੀਆਂ ਦੀ ਖੁਰਾਕ ਵਿੱਚ ਮੋਟੇ ਅਨਾਜ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।