ਗੁਰਦਾਸਪੁਰ

ਜ਼ਿਲੇ ਦੀਆਂ ਤਿੰਨ ਪ੍ਰਮੁੱਖ ਸੜਕਾਂ ‘ਤੇ ਪ੍ਰੀਮਿਕਸ ਪਾਉਣ ਅਤੇ ਪੁਲੀਆਂ ਦੀ ਮੁਰੰਮਤ ਦਾ ਮੁੱਦਾ ਕਾਰਜਕਾਰੀ ਇੰਜੀਨੀਅਰ ਦੇ ਸਾਹਮਣੇ ਉਠਾਇਆ, ਮੰਗ ਪੱਤਰ ਸੌਂਪਿਆ

ਜ਼ਿਲੇ ਦੀਆਂ ਤਿੰਨ ਪ੍ਰਮੁੱਖ ਸੜਕਾਂ ‘ਤੇ ਪ੍ਰੀਮਿਕਸ ਪਾਉਣ ਅਤੇ ਪੁਲੀਆਂ ਦੀ ਮੁਰੰਮਤ ਦਾ ਮੁੱਦਾ ਕਾਰਜਕਾਰੀ ਇੰਜੀਨੀਅਰ ਦੇ ਸਾਹਮਣੇ ਉਠਾਇਆ, ਮੰਗ ਪੱਤਰ ਸੌਂਪਿਆ
  • PublishedApril 3, 2023

ਗੁਰਦਾਸਪੁਰ।, 3 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੀਆਂ ਤਿੰਨ ਪ੍ਰਮੁੱਖ ਸੜਕਾਂ ਤੇ ਪ੍ਰੀਮਿਕਸ ਅਤੇ ਪੁਲੀਆਂ ਦੀ ਮੁਰੰਮਤ ਦੀ ਮੰਗ ਨੂੰ ਲੈ ਕੇ ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਰਾਜ, ਅਮਰਜੀਤ ਸ਼ਾਸਤਰੀ, ਜੋਗਿੰਦਰ ਪਾਲ ਅਤੇ ਅਮਰ ਕ੍ਰਾਂਤੀ ਦੀ ਸੰਯੁਕਤ ਅਗਵਾਈ ਤਲੇ ਕਾਰਜਕਾਰੀ ਇੰਜਨੀਅਰ ਜਤਿੰਦਰ ਮੋਹਨ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰਾਂਤ ਉਕਤ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ।

ਜਾਣਕਾਰੀ ਦਿੰਦਿਆਂ ਜੋਗਿੰਦਰ ਪਾਲ ਨੇ ਦੱਸਿਆ ਕਿ ਜਥੇਬੰਦੀ ਨੇ ਹਲਕਾ ਚਾਹੀਆ ਮੋੜ ਤੋਂ ਨਬੀਪੁਰ ਮੋੜ, ਨਬੀਪੁਰ ਤੋਂ ਕਾਹਨੂੰਵਾਨ ਚੌਕ, ਗੁਰਦਾਸਪੁਰ ਤੋਂ ਪੰਡੋਰੀ ਮਹੰਤਾ ਤੱਕ ਸੜਕਾਂ ’ਤੇ ਪ੍ਰੀਮਿਕਸ ਪਾਉਣ ਅਤੇ ਪੁਲੀਆਂ ਦੀ ਮੁਰੰਮਤ ਦਾ ਮੁੱਦਾ ਉਠਾਇਆ ਹੈ। ਆਗੂਆਂ ਨੇ ਗੁੱਸਾ ਜ਼ਾਹਰ ਕੀਤਾ ਕਿ ਠੇਕੇਦਾਰ ਵੱਲੋਂ ਪੂਰੇ ਦੋ ਸਾਲਾਂ ਤੋਂ ਸੜਕਾਂ ’ਤੇ ਸਿਰਫ਼ ਮੋਟੇ ਪੱਥਰ ਰੱਖ ਕੇ ਕੰਮ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਗੰਨੇ ਦੀਆਂ ਟਰਾਲੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸੈਂਕੜੇ ਵਿਦਿਆਰਥੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਆਉਣ-ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਹਾੜੀਦਾਰ ਮਜ਼ਦੂਰ ਸੜਕਾਂ ਖ਼ਰਾਬ ਹੋਣ ਕਾਰਨ ਸਮੇਂ ਸਿਰ ਕੰਮ ’ਤੇ ਨਹੀਂ ਆ ਸਕਦੇ।

ਉਧਰ ਦੇਰੀ ਦਾ ਕਾਰਨ ਦੱਸਦਿਆਂ ਕਾਰਜਕਾਰੀ ਇੰਜਨੀਅਰ ਜਤਿੰਦਰ ਮੋਹਨ ਨੇ ਦੱਸਿਆ ਕਿ ਪਹਿਲ੍ਹਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਰੋਕ ਲੱਗਣ ਕਾਰਨ ਠੇਕੇਦਾਰ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਪ੍ਰੀਮਿਕਸ ਦੀ ਕੀਮਤ ਵਧ ਗਈ ਹੈ। ਸਬੰਧਤ ਠੇਕੇਦਾਰ ਨੂੰ ਸਮੇਂ ਸਿਰ ਸੜਕਾਂ ਪੂਰੀਆਂ ਨਾ ਕਰਨ ਕਾਰਨ ਜੁਰਮਾਨਾ ਕੀਤਾ ਗਿਆ ਹੈ। ਕਾਰਜਕਾਰੀ ਇੰਜਨੀਅਰ ਨੇ ਵਫ਼ਦ ਨੂੰ ਲਿਖਤੀ ਤੌਰ ’ਤੇ ਭਰੋਸਾ ਦਿੱਤਾ ਕਿ ਠੇਕੇਦਾਰ ਵੱਲੋਂ 20-25 ਦਿਨਾਂ ਵਿੱਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜੋ 15 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਵਿਭਾਗ ਦੇ ਐਸ.ਡੀ.ਓ ਲਵਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਪੰਡੋਰੀ ਧਾਮ ਸੜਕ ਦਾ ਕੰਮ ਇੱਕ ਦੋ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਮਨੀ, ਕਿਸਾਨ ਨਾਤਾ ਤਿਰਲੋਕ ਸਿੰਘ, ਮਨੀ ਭੱਟੀ, ਬੋਧ ਰਾਜ, ਵਿਜੇ ਕੁਮਾਰ, ਪੁਰਸ਼ੋਤਮ ਲਾਲ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

Written By
The Punjab Wire