ਪੰਜਾਬ

ਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ: ਅਮਨ ਅਰੋੜਾ

ਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ: ਅਮਨ ਅਰੋੜਾ
  • PublishedMarch 31, 2023

ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਸਮਾਂਬੱਧ ਕਰਨ ਸਬੰਧੀ ਵਿਚਾਰ-ਵਟਾਂਦਰਾ

ਸੀ.ਜੀ.ਡੀ. ਪਾਈਪਲਾਈਨਾਂ ਦੇ ਸਾਲਾਨਾ ਕਿਰਾਏ ਦੀ ਸਮੀਖਿਆ ਦਾ ਵੀ ਲਿਆ ਫੈਸਲਾ

ਚੰਡੀਗੜ੍ਹ, 31 ਮਾਰਚ 2023 (ਦੀ ਪੰਜਾਬ ਵਾਇਰ)। ਸੂਬੇ ਵਿੱਚ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਅਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀ.ਜੀ.ਡੀ.) ਪ੍ਰਾਜੈਕਟਾਂ ਸਬੰਧੀ ਮਨਜ਼ੂਰੀ ਦੀ ਪ੍ਰਕਿਰਿਆ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਲੜੀਵਾਰ ਮੀਟਿੰਗਾਂ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਮੁਸ਼ਕਿਲ-ਰਹਿਤ ਅਤੇ ਸਮਾਂਬੱਧ ਬਣਾਉਣ ਲਈ ਇੱਕ ਵਿਧੀ ਵਿਕਸਿਤ ਕਰਨ ਵਾਸਤੇ ਜੰਗਲਾਤ ਅਤੇ ਜੰਗਲੀ ਜੀਵ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।

ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਇੰਦਰਬੀਰ ਸਿੰਘ ਨਿੱਜਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੀ.ਜੀ.ਡੀ. ਪਾਈਪਲਾਈਨਾਂ ਵਿਛਾਉਣ ਲਈ ਕਿਰਾਏ ਦੀ ਸਾਲਾਨਾ ਰਾਸ਼ੀ ਦੀ ਸਮੀਖਿਆ ਕਰਨ ਦਾ ਸਿਧਾਂਤਕ ਫੈਸਲਾ ਵੀ ਲਿਆ। ਮੀਟਿੰਗ ਦੌਰਾਨ ਉਨ੍ਹਾਂ ਨੇ ਸੀ.ਬੀ.ਜੀ. ਅਤੇ ਸੀ.ਜੀ.ਡੀ. ਪ੍ਰਾਜੈਕਟਾਂ ਨਾਲ ਸਬੰਧਤ ਵੱਖ-ਵੱਖ ਅੰਤਰ-ਵਿਭਾਗੀ ਮੁੱਦਿਆਂ ‘ਤੇ ਵੀ ਚਰਚਾ ਕੀਤੀ।

ਵਿੱਤ ਕਮਿਸ਼ਨਰ ਜੰਗਲਾਤ ਅਤੇ ਜੰਗਲੀ ਜੀਵ ਸ੍ਰੀ ਵਿਕਾਸ ਗਰਗ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੀ.ਬੀ.ਜੀ. ਅਤੇ ਸੀ.ਜੀ.ਡੀ ਪ੍ਰਾਜੈਕਟਾਂ ਲਈ ਜੰਗਲਾਤ ਸਬੰਧੀ ਮਨਜ਼ੂਰੀ ਦੇਣ ਲਈ ਸਮਾਂ-ਸੀਮਾ ਘਟਾਉਣ ਦਾ ਫੈਸਲਾ ਵੀ ਕੀਤਾ ਗਿਆ।

ਸ੍ਰੀ ਅਮਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ਵੱਲੋਂ ਵਸੂਲੀ ਜਾ ਰਹੀ ਫੀਸ ਇੱਕੋ ਥਾਂ ‘ਤੇ ਹੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਡਾਇਰੈਕਟਰ ਪੇਡਾ ਨੂੰ ਵੱਖ-ਵੱਖ ਵਿਭਾਗਾਂ ਕੋਲ ਲੰਬਿਤ ਪਏ ਸੀ.ਬੀ.ਜੀ. ਅਤੇ ਸੀ.ਜੀ.ਡੀ. ਪ੍ਰਾਜੈਕਟਾਂ ਦੀ ਸੂਚੀ ਤਿਆਰ ਕਰਕੇ ਅਗਲੇ ਹਫ਼ਤੇ ਤੱਕ ਸਬੰਧਤ ਵਿਭਾਗਾਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਸੂਬੇ ਦੀ ਸੀ.ਬੀ.ਜੀ. ਨੀਤੀ ਬਣਾਉਣ ਲਈ ਜਲਦ ਹੀ ਸਾਰੇ ਭਾਈਵਾਲਾਂ ਦਾ ਇੱਕ ਵਰਕਿੰਗ ਗਰੁੱਪ ਬਣਾਇਆ ਜਾਵੇਗਾ ਅਤੇ ਇਹ ਗਰੁੱਪ ਅਪ੍ਰੈਲ ਦੇ ਅੰਤ ਤੱਕ ਆਪਣੀ ਰਿਪੋਰਟ ਪੇਸ਼ ਕਰੇਗਾ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ੍ਰੀ ਵਿਵੇਕ ਪ੍ਰਤਾਪ ਸਿੰਘ, ਡਾਇਰੈਕਟਰ ਪੇਡਾ ਸ੍ਰੀ ਐਮ.ਪੀ. ਸਿੰਘ, ਏ.ਪੀ.ਸੀ.ਸੀ.ਐਫ. ਸ੍ਰੀ ਸੌਰਭ ਗੁਪਤਾ, ਪੀ.ਸੀ.ਸੀ.ਐਫ ਸ੍ਰੀ ਆਰ.ਕੇ. ਮਿਸ਼ਰਾ, ਚੀਫ ਵਾਈਲਡ ਲਾਈਫ ਵਾਰਡਨ ਸ੍ਰੀ ਧਰਮਿੰਦਰ ਸ਼ਰਮਾ, ਜਨਰਲ ਮੈਨੇਜਰ ਟੋਰੈਂਟ ਗੈਸ ਪ੍ਰਾਈਵੇਟ ਲਿਮਟਿਡ ਸ੍ਰੀ ਜਿਗਨੇਸ਼ ਵੀ. ਅਗਰਵਤ, ਸੀਨੀਅਰ ਮੈਨੇਜਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਸ੍ਰੀ ਕਸ਼ਤਿਜ਼ ਸਨਾਧਿਆ, ਥਿੰਕ ਗੈਸ ਪ੍ਰਾਈਵੇਟ ਲਿਮਟਿਡ ਦੇ ਮੀਤ ਪ੍ਰਧਾਨ ਸ੍ਰੀ ਆਰ. ਮਹੇਸ਼ਵਰਨ, ਜੀ.ਏ.- ਹੈੱਡ ਗੁਜਰਾਤ ਗੈਸ ਲਿਮਟਿਡ ਸ੍ਰੀ ਮਹਿੰਦਰ ਧਾਅ ਦੂਬੇ, ਪ੍ਰਾਜੈਕਟ ਮੈਨੇਜਰ ਥਿੰਦ ਗ੍ਰੀਨ ਐਨਰਜੀ ਪ੍ਰਾਈਵੇਟ ਲਿਮਟਿਡ ਸ੍ਰੀ ਗੌਰਵ ਕਾਠਪਾਲ ਅਤੇ ਪ੍ਰਾਜੈਕਟ ਹੈੱਡ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਸ੍ਰੀ ਪੰਕਜ ਕੁਮਾਰ ਵੀ ਮੌਜੂਦ ਸਨ।

Written By
The Punjab Wire