ਚੰਡੀਗੜ੍ਹ, 29 ਮਾਰਚ 2023 (ਦੀ ਪੰਜਾਬ ਵਾਇਰ)। ਪੁਲਿਸ ਦੀ ਕਾਰਵਾਈ ਤੋਂ 11 ਦਿਨਾਂ ਬਾਅਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਪਹਿਲਾ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ। ਉਸ ਵੱਲੋਂ ਫੇਸਬੁੱਕ ‘ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ‘ਚ ਅੰਮ੍ਰਿਤਪਾਲ ਨੇ ਕਿਹਾ ਕਿ ਮੈਂ 18 ਮਾਰਚ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆ ਰਿਹਾ ਹਾਂ। ਜੇਕਰ ਸਰਕਾਰ ਗ੍ਰਿਫਤਾਰ ਕਰਨਾ ਚਾਹੁੰਦੀ ਤਾਂ ਘਰੋਂ ਗ੍ਰਿਫਤਾਰ ਕਰ ਸਕਦੀ ਸੀ ਪਰ ਸੱਚੇ ਪਾਤਸ਼ਾਹ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਹੈ। ਮੇਰੀ ਗ੍ਰਿਫਤਾਰੀ ਉੱਪਰ ਵਾਲੇ ਦੇ ਹੱਥ ਹੈ।
ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਹੈ। ਸਰਕਾਰ ਨੇ ਬੇਸਹਾਰਾ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਪ੍ਰਸ਼ਾਸਨ ਨੇ ਸਾਡੇ ਸਾਥੀਆਂ ਨੂੰ ਅਸਾਮ ਭੇਜ ਦਿੱਤਾ ਹੈ। NSA ਲੋਕਾਂ ‘ਤੇ ਲਗਾਇਆ ਗਿਆ ਹੈ। ਪੁਲਿਸ ਨੇ ਮਜਬੂਰ ਕੀਤਾ ਹੈ, ਇਹ ਜ਼ੁਲਮ ਹੈ। ਇਸ ਵਿਰੁੱਧ ਆਵਾਜ਼ ਬੁਲੰਦ ਕਰਨਾ ਸਾਡਾ ਕੌਮੀ ਹੱਕ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡਾ ਭਾਈਚਾਰਾ ਨਿੱਕੇ-ਮੋਟੇ ਮੁੱਦਿਆਂ ਨੂੰ ਲੈ ਕੇ ਲੜਦਾ ਆ ਰਿਹਾ ਹੈ।
ਅੰਮ੍ਰਿਤਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਸਰਬੱਤ ਖਾਲਸਾ ਵਿੱਚ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਉਥੇ ਕੌਮ ਦੇ ਮਸਲਿਆਂ ਨੂੰ ਵਿਚਾਰਿਆ ਜਾਵੇਗਾ। ਵੀਡੀਓ ‘ਚ ਅੰਮ੍ਰਿਤਪਾਲ ਨੇ ਭੜਕਾਊ ਗੱਲਾਂ ਵੀ ਕੀਤੀਆਂ।