ਪੰਜਾਬ ਮੁੱਖ ਖ਼ਬਰ

ਹਾੜ੍ਹੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 4 ਅਪਰੈਲ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਹਾੜ੍ਹੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 4 ਅਪਰੈਲ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
  • PublishedMarch 29, 2023

ਚੰਡੀਗੜ, 29 ਮਾਰਚ 2023 (ਦੀ ਪੰਜਾਬ ਵਾਇਰ)। ਹਾੜ੍ਹੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਜਲ ਸਰੋਤ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ 28 ਮਾਰਚ ਤੋਂ 4 ਅਪਰੈਲ 2023 ਤੱਕ ਸਰਹਿੰਦ ਕੈਨਾਲ ਸਿਸਟਮ ਜਿਵੇਂ ਕਿ ਬਿਸਤ ਦੁਆਬ ਕੈਨਾਲ, ਸਿੱਧਵਾਂ ਬਰਾਂਚ, ਬਠਿੰਡਾ ਬ੍ਰਾਂਚ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫੀਡਰ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ ਦੇ ਆਧਾਰ ‘ਤੇ ਚੱਲਣਗੀਆਂ।

ਬੁਲਾਰੇ ਨੇ ਨਹਿਰੀ ਪ੍ਰੋਗਰਾਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ ਜੋ ਕਿ ਗਰੁੱਪ ‘ਏ’ ਵਿੱਚ ਹੈ, ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ। ਘੱਗਰ ਲਿੰਕ ਅਤੇ ਇਸ ਵਿਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪੀ.ਐਨ.ਸੀ. ਜੋ ਗਰੁੱਪ ‘ਬੀ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਅਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ।

ਜਲ ਸਰੋਤ ਵਿਭਾਗ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਸਰਹੰਦ ਫੀਡਰ ਵਿਚੋਂ ਨਿਕਲਦੇ ਸਾਰੇ ਰਜਬਾਹੇ ਜਿਹੜੇ ਕਿ ਗਰੁੱਪ ‘ਏ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ। ਸਰਹੰਦ ਫੀਡਰ ਵਿਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹੇ ਜੋ ਕਿ ਗਰੁੱਪ ‘ਬੀ’ ਵਿੱਚ ਹੈ, ਨੂੰ ਦੂਜੀ ਤਰਜੀਹ ਦੇ ਆਧਾਰ ‘ਤੇ ਬਾਕੀ ਬਚਦਾ ਪਾਣੀ ਮਿਲੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਅੱਪਰ ਬਾਰੀ ਦੁਆਬ ਕੈਨਾਲ ਵਿਚੋਂ ਨਿਕਲਦੀ ਲਾਹੌਰ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ ‘ਤੇ ਪੂਰਾ ਪਾਣੀ ਮਿਲੇਗਾ। ਮੇਨ ਬ੍ਰਾਂਚ ਲੋਅਰ, ਕਸੂਰ ਬ੍ਰਾਂਚ, ਸਭਰਾਉ ਬ੍ਰਾਂਚ ਅਤੇ ਇਹਨਾਂ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।

Written By
The Punjab Wire