ਹਰੇਕ ਵਿਦਿਅਕ ਸੰਸਥਾ ਵਿੱਚ ਬੀ.ਐਲ.ਓਜ਼. ਨੂੰ ਕੀਤਾ ਜਾਵੇਗਾ ਤਾਇਨਾਤ
ਚੰਡੀਗੜ੍ਹ, 28 ਮਾਰਚ 2023 (ਦੀ ਪੰਜਾਬ ਵਾਇਰ)। ਆਗਾਮੀ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਸਿਬਿਨ ਸੀ ਨੇ ਅੱਜ ਵਿਦਿਆਰਥੀਆਂ ਅਤੇ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਡੀਲ ਕਰ ਰਹੇ ਵੱਖ-ਵੱਖ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵਿੱਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਨੇ 17 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਸਬੰਧੀ ਅਗਾਊਂ ਅਰਜੀਆਂ ਨੂੰ ਵਿਚਾਰਨ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਮਹੱਤਵਪੂਰਨ ਕਦਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਕਿਰਿਆ ਲਈ ਅਗਲੀਆਂ ਚਾਰ ਯੋਗਤਾ ਮਿਤੀਆਂ 1 ਅਪ੍ਰੈਲ, 1 ਜੁਲਾਈ, 1 ਅਕਤੂਬਰ ਅਤੇ 1 ਜਨਵਰੀ ਨਿਰਧਾਰਿਤ ਕੀਤੀਆਂ ਗਈਆਂ ਹਨ।
ਸੀ.ਈ.ਓ. ਪੰਜਾਬ ਅੱਜ ਇੱਥੇ ਵਧੀਕ ਸੀ.ਈ.ਓ. ਵਿਪੁਲ ਉਜਵਲ ਨਾਲ ਆਪਣੇ ਦਫ਼ਤਰ ਵਿਖੇ ਤਕਨੀਕੀ ਸਿੱਖਿਆ, ਖੇਡਾਂ, ਮੈਡੀਕਲ ਸਿੱਖਿਆ, ਸਕੂਲ ਸਿੱਖਿਆ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਿਬਿਨ ਸੀ ਨੇ ਹਾਜ਼ਰ ਵੱਖ-ਵੱਖ ਵਿਭਾਗਾਂ ਨੂੰ 17 ਸਾਲ ਦੀ ਉਮਰ ਦੇ ਵਿਦਿਆਰਥੀਆਂ/ਲਾਭਪਾਤਰੀਆਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਉਹਨਾਂ ਦੀਆਂ ਅਗਾਊਂ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਜਲਦ ਸ਼ੁਰੂ ਕਰਨਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਕੋਲ ਨੌਜਵਾਨ ਵੋਟਰਾਂ ਦਾ ਸਾਰਾ ਡਾਟਾ ਮੌਜੂਦ ਹੈ ਅਤੇ ਇਹ ਵਿਭਾਗ ਸੀ.ਈ.ਓ ਦਫ਼ਤਰ ਨਾਲ ਮਿਲ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਉਪਰਾਲੇ ਕਰਨ। ਉਨ੍ਹਾਂ ਹਰੇਕ ਵਿਦਿਅਕ ਸੰਸਥਾ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸੀ.ਈ.ਓ. ਦਫ਼ਤਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਸਿਬਿਨ ਸੀ ਨੇ ਕਿਹਾ ਕਿ ਉਹ ਹਰੇਕ ਵਿੱਦਿਅਕ ਸੰਸਥਾ ਲਈ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਤਾਇਨਾਤ ਕਰਨਗੇ ਤਾਂ ਜੋ ਨਵੇਂ ਵੋਟਰਾਂ ਨੂੰ ਆਪਣੀ ਵੋਟ ਰਜਿਸਟਰ ਕਰਨ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਵਿਭਾਗਾਂ/ਸੰਸਥਾਵਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਵਿੱਪ ਗਤੀਵਿਧੀਆਂ ਨੂੰ ਸਾਂਝਾ ਕਰਨ ਅਤੇ ਅਧਿਕਾਰਤ ਵੈੱਬਸਾਈਟਾਂ ‘ਤੇ ਆਨਲਾਈਨ ਰਜਿਸਟ੍ਰੇਸ਼ਨ ਲਈ ਅਧਿਕਾਰਤ ਵੈੱਬਸਾਈਟ ‘ਤੇ www.nsvp.in ਲਿੰਕ ਦੇ ਨਾਲ ਬੈਨਰ ਨੂੰ ਦਰਸਾਉਣ ਦੇ ਨਿਰਦੇਸ਼ ਦਿੱਤੇ।
ਇਸ ਦੇ ਨਾਲ ਹੀ ਵੋਟਰ ਐਂਡਰਾਇਡ ਅਤੇ ਆਈਓਐਸ ਜਾਂ ਵੈੱਬ ਪੋਰਟਲ www.nvsp.in ‘ਤੇ ਉਪਲਬਧ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰ ਸਕਦੇ ਹਨ।