ਪੰਜਾਬ ਮੁੱਖ ਖ਼ਬਰ

ਬਿਜਲੀ ਵਿਭਾਗ ਵਿੱਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਨਿਯੁਕਤੀ ਪੱਤਰ ਛੇਤੀ ਹੀ ਜਾਰੀ ਹੋਣਗੇ: ਹਰਭਜਨ ਸਿੰਘ ਈ.ਟੀ.ਓ.

ਬਿਜਲੀ ਵਿਭਾਗ ਵਿੱਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਨਿਯੁਕਤੀ ਪੱਤਰ ਛੇਤੀ ਹੀ ਜਾਰੀ ਹੋਣਗੇ: ਹਰਭਜਨ ਸਿੰਘ ਈ.ਟੀ.ਓ.
  • PublishedMarch 26, 2023

ਕਿਹਾ, ਬੀਤੇ ਇੱਕ ਸਾਲ ਦੌਰਾਨ ਬਿਜਲੀ ਵਿਭਾਗ ਵਿੱਚ 1397 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ

ਚੰਡੀਗੜ, 26 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਛੇਤੀ ਹੀ 2424 ਖਾਲੀ ਅਸਾਮੀਆਂ ‘ਤੇ ਯੋਗ ਨੋਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵਿੱਚ ਗਰੁੱਪ ਏ, ਬੀ ਅਤੇ ਸੀ ਵੱਖ-ਵੱਖ 2424 ਅਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਨੇੜ ਭਵਿੱਖ ‘ਚ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੀਤੇ ਇੱਕ ਸਾਲ ਦੌਰਾਨ ਬਿਜਲੀ ਵਿਭਾਗ ਵਿੱਚ 1397 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਕੈਬਨਿਟ ਮੰਤਰੀ ਨੇ ਨਵੀਂਆਂ 2424 ਅਸਾਮੀਆਂ ਸਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚ 02 ਅਸਿਸਟੈਂਟ ਮੈਨੇਜਰ (ਆਈ.ਟੀ., ਗਰੁੱਪ ਏ), 36 ਜੂਨੀਅਰ ਇਜੀਨੀਅਰ (ਗਰੁੱਪ ਬੀ) ਅਤੇ 2386 ਅਸਿਸਟੈਂਟ ਲਾਈਨਮੈਨ, ਐਲ.ਡੀ.ਸੀ., ਕਲਰਕ (ਗਰੁੱਪ ਬੀ) ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਛੇਤੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।

ਬਿਜਲੀ ਮੰਤਰੀ ਨੇ ਬੀਤੇ ਸਾਲ ਦੌਰਾਨ ਮੁਹੱਈਆਂ ਕਰਵਾਈਆਂ ਗਈਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 26 ਅਸਿਸਟੈਂਟ ਇੰਜੀਨੀਅਰ (ਇਲੈਕਟ੍ਰੀਕਲ), 05 ਅਸਿਸਟੈਂਟ ਮੈਨੇਜਰ (ਆਈ.ਟੀ.), 85 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 59 ਜੂਨੀਅਰ ਇੰਜੀਨੀਅਰ (ਸਬ-ਸਟੇਸ਼ਨ), 14 ਜੂਨੀਅਰ ਇੰਜੀਨੀਅਰ (ਸਿਵਲ), 294 ਏ.ਐਸ.ਐਸ.ਏ., 08 ਇਲੈਕਟ੍ਰੀਸ਼ਨ (ਗਰੇਡ-2), 08 ਅਸਿਸਟੈਂਟ ਲਾਈਨਮੈਨ, 03 ਸੁਪਰਡੰਟ (ਡਵੀਜ਼ਨਲ ਅਕਾਊਂਟਸ), 25 ਰੈਵੇਨਿਊ ਅਕਾਊਂਟੈਂਟ, 677 ਐਲ.ਡੀ.ਸੀ./ਕਲਰਕ, 60 ਸੇਵਾਦਾਰ/ਚੌਂਕੀਦਾਰ (ਤਰਸ ਦੇ ਆਧਾਰ ‘ਤੇ) 38 ਐਲ.ਡੀ.ਸੀ. (ਤਰਸ ਦੇ ਆਧਾਰ ‘ਤੇ) ਅਤੇ 95 ਆਰ.ਟੀ.ਐਮ. ਆਦਿ ਨੂੰ ਭਰਤੀ ਕੀਤਾ ਗਿਆ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਬੀਤੇ ਇੱਕ ਸਾਲ ਦੌਰਾਨ ਸੂਬੇ ਦੇ ਲਗਭੱਗ 27 ਹਜ਼ਾਰ ਯੋਗ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਯੋਗਤਾ ਅਤੇ ਨਿਰੋਲ ਮੈਰਿਟ ਦੇ ਅਧਾਰ ‘ਤੇ ਮੁਹੱਈਆਂ ਕਰਵਾਈਆਂ ਗਈਆਂ ਹਨ।

Written By
The Punjab Wire