ਚੰਡੀਗੜ੍ਹ, 23 ਮਾਰਚ 2023 (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ‘ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ‘ਮੋਦੀ ਸਰਨੇਮ’ ‘ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਸੀ। ਇਸ ਮਾਮਲੇ ‘ਚ ਗੁਜਰਾਤ ਦੇ ਬੀਜੇਪੀ ਵਿਧਾਇਕ ਅਤੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਵੱਲੋਂ ਰਾਹੁਲ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਅੱਜ ਸਜ਼ਾ ਸੁਣਾਏ ਜਾਣ ਸਮੇਂ ਰਾਹੁਲ ਗਾਂਧੀ ਵੀ ਅਦਾਲਤ ਵਿੱਚ ਮੌਜੂਦ ਸਨ। ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਤੁਹਾਨੂੰ ਕੁਝ ਕਹਿਣਾ ਹੈ? ਇਸ ‘ਤੇ ਰਾਹੁਲ ਨੇ ਕਿਹਾ ਕਿ ਮੈਂ ਹਮੇਸ਼ਾ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਈ ਹੈ। ਮੈਂ ਅੱਗੇ ਵਧਦਾ ਰਹਾਂਗਾ। ਰਾਹੁਲ ਨੇ ਅੱਗੇ ਕਿਹਾ ਕਿ ਮੇਰੇ ਬਿਆਨ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕਿਸੇ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਨਹੀਂ ਸੀ। ਮੈਂ ਜਾਣ ਬੁੱਝ ਕੇ ਕਿਸੇ ਦੇ ਖਿਲਾਫ ਨਹੀਂ ਬੋਲਿਆ।
‘ਮੇਰਾ ਧਰਮ ਸੱਚ ਅਤੇ ਅਹਿੰਸਾ ‘ਤੇ ਆਧਾਰਿਤ ਹੈ’ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਮਹਾਤਮਾ ਗਾਂਧੀ ਦੁਆਰਾ ਕਹੀਆਂ ਲਾਈਨਾਂ ਲਿਖ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਮੇਰਾ ਧਰਮ ਸੱਚ ਅਤੇ ਅਹਿੰਸਾ ‘ਤੇ ਆਧਾਰਿਤ ਹੈ। ਸੱਚ ਮੇਰਾ ਰੱਬ ਹੈ, ਅਹਿੰਸਾ ਇਸ ਨੂੰ ਪ੍ਰਾਪਤ ਕਰਨ ਦਾ ਸਾਧਨ ਹੈ।
ਅਜਿਹਾ ਕੀ ਹੈ ਜਿਸ ‘ਚ ਰਾਹੁਲ ਨੂੰ ਮਿਲੀ ਸਜ਼ਾ?
ਦੱਸਣਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਕਰਨਾਟਕ ਦੇ ਕੋਲਾਰ ਵਿੱਚ ਇੱਕ ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਵੇਂ ਹੈ? ਇਸ ਨੂੰ ਲੈ ਕੇ ਭਾਜਪਾ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਰਾਹੁਲ ਨੇ ਆਪਣੀ ਟਿੱਪਣੀ ਨਾਲ ਪੂਰੇ ਮੋਦੀ ਭਾਈਚਾਰੇ ਦੇ ਮਾਣ ਨੂੰ ਢਾਹ ਲਾਈ ਹੈ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿੱਚ ਆਯੋਜਿਤ ਇੱਕ ਜਨਤਕ ਮੀਟਿੰਗ ਵਿੱਚ ਇਸ ਮਾਮਲੇ ਨਾਲ ਸਬੰਧਤ ਟਿੱਪਣੀਆਂ ਕੀਤੀਆਂ ਸਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਚ.ਐਚ.ਵਰਮਾ ਦੀ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਪੱਖਾਂ ਦੀਆਂ ਅੰਤਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਣ ਲਈ 23 ਮਾਰਚ ਦੀ ਤਰੀਕ ਤੈਅ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਰਾਹੁਲ ਤਿੰਨ ਵਾਰ ਅਦਾਲਤ ਵਿੱਚ ਪੇਸ਼ ਹੋਏ। ਅਕਤੂਬਰ 2021 ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਅਦਾਲਤ ਪਹੁੰਚੇ ਰਾਹੁਲ ਨੇ ਖੁਦ ਨੂੰ ਬੇਕਸੂਰ ਕਰਾਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਰਾਹੁਲ ਨੂੰ ਸਜ਼ਾ ਸੁਣਾਈ ਗਈ ਹੈ।