ਐਸਐਸਪੀ ਹਰੀਸ਼ ਦਾ ਕਹਿਣਾ ਪੁਲਿਸ ਜ਼ਿਲ੍ਹਾ ਗੁਰਦਾਸਪਰੁ ਅੰਦਰ ਪੂਰੀ ਤਰ੍ਹਾਂ ਸਥਿਤੀ ਕਾਬੂ ਵਿੱਚ, ਝੂਠੀਆਂ ਅਫਵਾਹਾਂ ਵਿੱਚ ਨਾ ਫਸਣ ਲੋਕ
ਗੁਰਦਾਸਪੁਰ, 19 ਮਾਰਚ 2023 (ਮੰਨਣ ਸੈਣੀ)। ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਅੱਜ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੁਲਿਸ ਦਾ ਭਾਰੀ ਬੱਲ ਵੇਖਣ ਨੂੰ ਮਿਲਿਆ। ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਗੁਰਦਾਸਪੁਰ ਪੁਲਿਸ ਵੱਲ਼ੋਂ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਦੇ ਨਾਲ ਮਿਲ ਕੇ ਇਸ ਸਰਹਦੀ ਜ਼ਿਲ੍ਹੇ ਦੇ ਸ਼ਹਿਰ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ ਅਤੇ ਕਲਾਨੌਰ ਅੰਦਰ ਫਲੈਗ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਖੁੱਦ ਐਸਐਸਪੀ ਗੁਰਦਾਸਪੁਰ ਹਰੀਸ਼ ਦਿਆਮਾ ਵੱਲੋਂ ਕੀਤੀ ਗਈ।
ਗੁਰਦਾਸਪੁਰ ਅੰਦਰ ਫਲੈਗ ਮਾਰਚ ਹਨੂੰਮਾਨ ਚੌਕ ਤੋਂ ਸ਼ੁਰੂ ਹੋ ਕੇ ਜਹਾਜ਼ ਚੌਕ, ਮੰਡੀ ਚੌਕ, ਸੰਗਲਪੁਰਾ ਰੋਡ, ਤਿੱਬੜੀ ਰੋਡ ਤੋਂ ਹੁੰਦਾ ਹੋਇਆ ਮੁੜ ਹਨੂੰਮਾਨ ਚੌਕ, ਗੀਤਾ ਭਵਨ, ਕਾਹਨੂੰਵਾਨ ਚੌਕ, ਬਟਾਲਾ ਰੋਡ ’ਤੇ ਸਮਾਪਤ ਹੋਇਆ।
ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਨੇ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾਲਾਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਿਸੇ ਵੀ ਅਸਮਾਜਿਕ ਤੱਤਾਂ ਵੱਲੋ ਸਿਰ ਚੁੱਕਣ ਦੀ ਕੌਸ਼ਿਸ਼ ਨਹੀਂ ਕੀਤੀ ਗਈ ਪਰ ਫਿਰ ਵੀ ਕਰੀਬ 2 ਹਜ਼ਾਰ ਤੋਂ ਜਿਆਦਾ ਪੁਲਿਸ ਅਤੇ ਅਰਧ ਸੈਨਿਕ ਪੁਲਿਸ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਤਾਇਨਾਤ ਕੀਤੇ ਗਏ ਹਨ ਜੋਂ ਹਰ ਗਤਿਵਿਧੀ ਤੇ ਪੂਰੀ ਤਰ੍ਹਾਂ ਨਜ਼ਰ ਜਮਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਮਾਹੌਲ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਸ਼ਾਂਤਮਈ ਰਹੇ ਇਸ ਲਈ ਕੁਝ ਸ਼ੱਕੀ ਵਿਅਕਤੀਆਂ ਤੇ ਜਰੂਰ ਨੱਥ ਪਾਈ ਗਈ ਹੈ।
ਲੋਕਾਂ ਨੂੰ ਅਮਨ ਸ਼ਾਂਤੀ ਦੀ ਅਪੀਲ ਕਰਦੇ ਹੋਏ ਐਸਐਸਪੀ ਹਰੀਸ਼ ਨੇ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਿੱਚ ਨਾ ਆਉਣ। ਜੇਕਰ ਕੋਈ ਝੂਠੀ ਅਫਵਾਹ ਫੈਲਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਸ਼ਾਂਤੀਪੂਰਨ ਹਾਲਾਤਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਲਗਾਉਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੂਟੀਨ ਚੈਕਿੰਗ ਵਿੱਚ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਅਤੇ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਕੰਮ ਕਰਨ, ਪੁਲਿਸ ਆਵਾਮ ਦੀ ਸੁਰਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।